

ਪੰਚਕੂਲਾ, 27 ਦਸੰਬਰ (ਹਿੰ. ਸ.)। ਪੰਚਕੂਲਾ ਦੇ ਇੱਕ ਰਿਹਾਇਸ਼ੀ ਇਲਾਕੇ ਵਿੱਚ ਇੱਕ ਤੇਂਦੂਆ ਦਾਖਲ ਹੋ ਗਿਆ, ਜਿਸ ਨਾਲ ਵਿਆਪਕ ਦਹਿਸ਼ਤ ਫੈਲ ਗਈ। ਤੇਂਦੂਆ ਇੱਕ ਘਰ ਵਿੱਚ ਦਾਖਲ ਹੋ ਗਿਆ, ਜਿਸ ਨਾਲ ਵਸਨੀਕਾਂ ਦਾ ਸਾਹ ਘੁੱਟ ਗਿਆ ਅਤੇ ਉਹ ਡਰ ਗਏ। ਤੁਰੰਤ ਜੰਗਲਾਤ ਵਿਭਾਗ ਅਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜੰਗਲਾਤ ਵਿਭਾਗ ਵਲੋਂ ਤੇਂਦੂਏ ਨੂੰ ਸੁਰੱਖਿਅਤ ਫੜਨ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਜਾਣਕਾਰੀ ਅਨੁਸਾਰ ਪੰਚਕੂਲਾ ਦੇ ਸੈਕਟਰ 6 ਦੇ ਰਿਹਾਇਸ਼ੀ ਖੇਤਰ ਵਿੱਚ ਦੁਪਹਿਰ ਵੇਲੇ ਇੱਕ ਤੇਂਦੂਆ ਇੱਕ ਘਰ ਵਿੱਚ ਦਾਖ਼ਲ ਹੋ ਗਿਆ। ਇਸ ਤੋਂ ਬਾਅਦ ਸੈਕਟਰ 6 ਦੇ ਵਸਨੀਕਾਂ ਵੱਲੋਂ ਇਸਦੀ ਸੂਚਨਾ ਡਾਇਲ 112 ਅਤੇ ਵਾਈਲਡ ਲਾਈਫ਼ ਟੀਮ ਨੂੰ ਦਿੱਤੀ ਗਈ। ਮੌਕੇ ‘ਤੇ ਪੁੱਜੀ ਪੁਲਿਸ ਅਤੇ ਵਾਈਲਡ ਲਾਈਫ਼ ਟੀਮ ਵੱਲੋਂ ਸੈਕਟਰ 6 ਦੇ ਮਕਾਨ ਨੰਬਰ 252 ਨੂੰ ਚਾਰੇ ਪਾਸੇ ਤੋਂ ਜਾਲ ਲਗਾ ਕੇ ਘੇਰ ਲਿਆ ਗਿਆ ਅਤੇ ਤੇਂਦੂਏ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਦੌਰਾਨ ਤੇਂਦੂਆ ਵਾਈਲਡ ਲਾਈਫ਼ ਟੀਮ ਨੂੰ ਚਕਮਾ ਦੇ ਕੇ ਆਰਮੀ ਏਰੀਆ ਦੇ ਜੰਗਲਾਂ ਵੱਲ ਭੱਜ ਗਿਆ। ਕਈ ਘੰਟਿਆਂ ਦੀ ਮਿਹਨਤ ਦੇ ਬਾਵਜੂਦ ਵੀ ਵਾਈਲਡਲਾਈਫ਼ ਟੀਮ ਤੇਂਦੂਏ ਨੂੰ ਫੜ ਨਹੀਂ ਸਕੀ।
ਇਸ ਮੌਕੇ ਵਾਈਲਡ ਲਾਈਫ਼ ਅਧਿਕਾਰੀ ਸੁਰਜੀਤ ਯਾਦਵ ਨੇ ਦੱਸਿਆ ਕਿ ਸੈਕਟਰ 6 ਦੇ ਰਿਹਾਇਸ਼ੀ ਖੇਤਰ ’ਚ ਤੇਂਦੂਆ ਦਾਖ਼ਲ ਹੋਣ ਬਾਰੇ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ। ਤੇਂਦੂਏ ਨੂੰ ਫੜਨ ਲਈ ਜਾਲ ਵੀ ਲਗਾਇਆ ਗਿਆ, ਪਰ ਤੇਂਦੂਆ ਬਚ ਨਿਕਲਣ ਵਿੱਚ ਕਾਮਯਾਬ ਹੋ ਗਿਆ। ਉਨ੍ਹਾਂ ਦੱਸਿਆ ਕਿ ਤੇਂਦੂਆ ਸੈਕਟਰ 6 ਦੇ ਰਿਹਾਇਸ਼ੀ ਖੇਤਰ ਤੋਂ ਹੁੰਦਾ ਹੋਇਆ ਨੇੜੇ ਹੀ ਆਰਮੀ ਏਰੀਆ ਦੇ ਜੰਗਲ ਵਿੱਚ ਭੱਜ ਗਿਆ। ਉਨ੍ਹਾਂ ਕਿਹਾ ਕਿ ਮੌਕੇ ‘ਤੇ ਉਨ੍ਹਾਂ ਦੀ ਟੀਮ ਅਤੇ ਪੁਲਿਸ ਦੀ ਟੀਮ ਮੌਜੂਦ ਰਹੀ, ਪਰ ਇਸ ਦੌਰਾਨ ਤੇਂਦੂਏ ਵੱਲੋਂ ਕਿਸੇ ਵੀ ਵਿਅਕਤੀ ‘ਤੇ ਕੋਈ ਹਮਲਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਟੀਮ ਵੱਲੋਂ ਤੇਂਦੂਏ ਨੂੰ ਫੜਨ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਹ ਪਹਿਲਾਂ ਹੀ ਭੱਜ ਨਿਕਲਿਆ।
ਇਸ ਦੌਰਾਨ ਜੰਗਲਾਤ ਵਿਭਾਗ ਦੀ ਟੀਮ ਪਿੰਜਰਾ ਲਗਾਉਣ ਅਤੇ ਤੇਂਦੂਏ ਦੀ ਗਤੀਵਿਧੀ 'ਤੇ ਨਜ਼ਰ ਰੱਖਣ ਵਿਚ ਲੱਗੀ ਹੋਈ ਹੈ। ਸਾਵਧਾਨੀ ਵਜੋਂ ਸਥਾਨਕ ਨਿਵਾਸੀਆਂ ਨੂੰ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਣ ਲਈ ਘਰ ਦੇ ਅੰਦਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ