
ਦਿੜ੍ਹਬਾ, 28 ਦਸੰਬਰ (ਹਿੰ. ਸ.)। ਵਿੱਤ ਮੰਤਰੀ, ਪੰਜਾਬ ਹਰਪਾਲ ਸਿੰਘ ਚੀਮਾ ਨੇ ਵਿਧਾਨ ਸਭਾ ਹਲਕਾ ਦਿੜ੍ਹਬਾ ਦੇ ਪਿੰਡ ਖਡਿਆਲ ਵਿੱਚ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪਿੰਡ ਦੇ 96 ਐੱਸ.ਸੀ. ਪਰਿਵਾਰਾਂ ਨੂੰ ਪਲਾਟਾਂ ਦੇ ਮਾਲਕੀ ਹੱਕ ਦੀਆਂ ਸਨਦਾਂ ਸੌਂਪੀਆਂ। ਇਸ ਮਹੱਤਵਪੂਰਨ ਮੌਕੇ 'ਤੇ ਸ.ਚੀਮਾ ਨੇ ਕਿਹਾ ਕਿ 96 ਪਰਿਵਾਰਾਂ ਨੂੰ ਮਾਲਕਾਨਾ ਹੱਕ ਮਿਲਣਾ ਬਹੁਤ ਹੀ ਖੁਸ਼ੀ ਦੀ ਗੱਲ ਹੈ ਅਤੇ ਇਹ ਪਰਿਵਾਰ ਹੁਣ ਆਪਣੇ ਸੁਪਨੇ ਦੇ ਘਰ, ਸ਼ਾਨਦਾਰ ਤਰੀਕੇ ਨਾਲ ਤਿਆਰ ਕਰ ਸਕਣਗੇ।
ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਮਸਲਾ 1988 ਤੋਂ ਲਗਾਤਾਰ ਚੱਲਦਾ ਆ ਰਿਹਾ ਸੀ ਅਤੇ 37 ਸਾਲ ਤੋਂ ਵੱਧ ਦੇ ਸਮੇਂ ਤੋਂ ਬਾਅਦ ਅੱਜ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਾਫ ਨੀਅਤ ਅਤੇ ਲੋਕ ਪੱਖੀ ਸੋਚ ਸਦਕਾ ਇਹ ਮਸਲਾ ਹੱਲ ਹੋਇਆ ਹੈ। ਵਿੱਤ ਮੰਤਰੀ ਨੇ ਵੱਖ-ਵੱਖ ਅਹੁਦੇਦਾਰਾਂ ਅਤੇ ਅਧਿਕਾਰੀਆਂ ਦੀ ਮਿਹਨਤ ਦੀ ਸਰਾਹਨਾ ਕਰਦਿਆਂ ਕਿਹਾ ਕਿ ਉਹਨਾਂ ਦੀ ਲਗਾਤਾਰ ਕੋਸ਼ਿਸ਼ ਸਦਕਾ ਹੀ ਅੱਜ ਇਹ ਦਿਨ ਦੇਖਣ ਨੂੰ ਮਿਲਿਆ ਹੈ। ਚੀਮਾ ਨੇ ਕਿਹਾ ਕਿ ਹਰ ਪਰਿਵਾਰ ਲਈ ਘਰ ਦਾ ਹੋਣਾ ਬਹੁਤ ਜ਼ਰੂਰੀ ਹੈ, ਅਤੇ ਸਰਕਾਰ ਇਸ ਦਿਸ਼ਾ ਵਿੱਚ ਲਗਾਤਾਰ ਯਤਨ ਕਰ ਰਹੀ ਹੈ। ਉਹਨਾਂ ਨੇ ਦੱਸਿਆ ਕਿ ਪਿੰਡ ਖਡਿਆਲ ਵਿੱਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਜਾਰੀ ਹਨ ਅਤੇ ਸਾਰੇ ਵਿਕਾਸ ਕਾਰਜ ਮੁਕੰਮਲ ਹੋ ਜਾਣਗੇ। ਪਿੰਡ ਵਿੱਚ ਗ੍ਰਿਡ ਦੀ ਸਥਾਪਨਾ ਹੋ ਚੁੱਕੀ ਹੈ, ਜੋ ਲੋਕਾਂ ਲਈ ਬਹੁਤ ਵੱਡੀ ਸਹੂਲਤ ਹੈ।
ਇਸ ਮੌਕੇ ਵਿੱਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਐੱਸ.ਸੀ. ਪਰਿਵਾਰਾਂ ਲਈ ਦੋ ਹੋਰ ਵੱਡੀਆਂ ਸਕੀਮਾਂ ਬਹੁਤ ਜਲਦ ਜਾਰੀ ਕਰਨ ਦੀ ਤਿਆਰੀ ਹੈ, ਜਿਸ ਨਾਲ ਗਰੀਬ ਪਰਿਵਾਰਾਂ ਨੂੰ ਬਹੁਤ ਲਾਭ ਮਿਲੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਸਿੱਖਿਆ ਢਾਂਚੇ ਦੀ ਕੀਤੀ ਕਾਇਆ ਕਲਪ ਸਦਕਾ ਦੇਸ਼ ਦੀ ਉੱਚ ਪੱਧਰੀ ਸੰਸਥਾ ਆਈ.ਆਈ.ਟੀ. ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੇ 47 ਵਿਦਿਆਰਥੀਆਂ ਨੂੰ ਦਾਖਲਾ ਮਿਲਣਾ ਪੰਜਾਬ ਲਈ ਮਾਣ ਦੀ ਗੱਲ ਹੈ, ਜੋ ਸਿੱਖਿਆ ਖੇਤਰ ਵਿੱਚ ਸਰਕਾਰ ਦੀ ਸਫਲਤਾ ਨੂੰ ਦਰਸਾਉਂਦਾ ਹੈ।ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੌਕਰੀਆਂ ਮੈਰਿਟ ਦੇ ਅਧਾਰ 'ਤੇ ਦੇ ਰਹੀ ਹੈ ਅਤੇ ਸੜਕਾਂ ਸਮੇਤ ਹੋਰ ਢਾਂਚਾਗਤ ਕੰਮ ਤੇਜ਼ ਰਫ਼ਤਾਰ ਨਾਲ ਚੱਲ ਰਹੇ ਹਨ। ਉਹਨਾਂ ਨੇ ਦੱਸਿਆ ਕਿ ਉਹ ਖੁਦ ਹਰ ਕੰਮ ਦੀ ਪੈਰਵਾਈ ਕਰਦੇ ਹਨ ਤਾਂ ਕਿ ਕਿਸੇ ਵੀ ਕਾਰਜ ਵਿੱਚ ਰੁਕਾਵਟ ਨਾ ਆਵੇ।
ਸਮਾਗਮ ਵਿੱਚ ਪਿੰਡ ਵਾਸੀਆਂ ਨੇ ਵਿੱਤ ਮੰਤਰੀ ਦਾ ਧੰਨਵਾਦ ਕੀਤਾ ਅਤੇ ਸਰਕਾਰ ਵੱਲੋਂ ਕੀਤੀ ਜਾ ਰਹੀ ਲੋਕ-ਭਲਾਈ ਦੀਆਂ ਕੋਸ਼ਿਸ਼ਾਂ ਦੀ ਪ੍ਰਸ਼ੰਸਾ ਕੀਤੀ ਅਤੇ ਪਿੰਡ ਵਾਸੀਆਂ ਵੱਲੋਂ ਕੈਬਨਿਟ ਮੰਤਰੀ ਦਾ ਸਨਮਾਨ ਵੀ ਕੀਤਾ ਗਿਆ ਅਤੇ ਉਹਨਾਂ ਨੂੰ ਲੱਡੂਆਂ ਨਾਲ ਵੀ ਤੋਲਿਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਦੇ ਓ.ਐੱਸ. ਡੀ. ਤਪਿੰਦਰ ਸਿੰਘ ਸੋਹੀ, ਮਾਰਕਿਟ ਕਮੇਟੀ ਸੂਲਰ ਘਰਾਟ ਦੇ ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਸੰਗਰੂਰ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੀਤਮ ਸਿੰਘ ਪੀਤੂ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ,ਪਤਵੰਤੇ ਅਤੇ ਪਿੰਡ ਵਾਸੀ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ