
ਫਾਜ਼ਿਲਕਾ, 29 ਦਸੰਬਰ (ਹਿੰ. ਸ.)। ਕੰਬੋਜ਼ ਅਕੈਡਮੀ ਅਬੋਹਰ ਨੂੰ ਕਰਨਵੀਰ ਸਪੋਰਟਸ ਕਲੱਬ ਧਰਾਂਗ ਵਾਲਾ ਵੱਲੋਂ ਕਰਵਾਏ ਗਏ 27ਵੇਂ “ਨਸ਼ਿਆਂ ਵਲੋਂ ਮੁੱਖ ਮੋੜੋ” ਮੇਲੇ ਦੌਰਾਨ ਸਮਾਜਿਕ ਭਲਾਈ ਅਤੇ ਨਸ਼ਾ ਮੁਕਤੀ ਲਈ ਕੀਤੇ ਜਾ ਰਹੇ ਯਤਨਾਂ ਦੇ ਸਨਮਾਨ ਵਜੋਂ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਮੇਲੇ ਦੇ ਆਯੋਜਕਾਂ ਨੇ ਕਿਹਾ ਕਿ ਕੰਬੋਜ਼ ਅਕੈਡਮੀ ਅਬੋਹਰ ਨੌਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਕੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਅਹੰਮ ਭੂਮਿਕਾ ਨਿਭਾ ਰਹੀ ਹੈ। ਅਕੈਡਮੀ ਵੱਲੋਂ ਖੇਡਾਂ ਰਾਹੀਂ ਅਨੁਸ਼ਾਸਨ, ਸਿਹਤਮੰਦ ਜੀਵਨਸ਼ੈਲੀ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।ਕਰਨਵੀਰ ਸਪੋਰਟਸ ਕਲੱਬ ਧਰਾਂਗ ਵਾਲਾ ਦੇ ਪ੍ਰਧਾਨ ਅਤੇ ਹੋਰ ਪਦਾਧਿਕਾਰੀਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਜਿਹੀਆਂ ਅਕੈਡਮੀਆਂ ਸਮਾਜ ਲਈ ਰੀੜ੍ਹ ਦੀ ਹੱਡੀ ਹਨ, ਜੋ ਨੌਜਵਾਨਾਂ ਨੂੰ ਸਹੀ ਦਿਸ਼ਾ ਵੱਲ ਲੈ ਜਾਂਦੀਆਂ ਹਨ।
ਉਨ੍ਹਾਂ ਨੇ ਕਿਹਾ ਕਿ ਨਸ਼ਾ ਇਕ ਸਮਾਜਿਕ ਬੁਰਾਈ ਹੈ, ਜਿਸ ਤੋਂ ਛੁਟਕਾਰਾ ਪਾਉਣ ਲਈ ਖੇਡਾਂ, ਸੱਭਿਆਚਾਰ ਅਤੇ ਸਿੱਖਿਆ ਵਰਗੇ ਮਾਧਿਅਮ ਬਹੁਤ ਅਹੰਮ ਹਨ।ਇਸ ਮੌਕੇ ਕੰਬੋਜ਼ ਅਕੈਡਮੀ ਅਬੋਹਰ ਦੇ ਪ੍ਰਤੀਨਿਧੀਆਂ ਨੇ ਸਨਮਾਨ ਪ੍ਰਾਪਤ ਕਰਦਿਆਂ ਕਲੱਬ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਸਨਮਾਨ ਉਨ੍ਹਾਂ ਨੂੰ ਹੋਰ ਜੋਸ਼ ਅਤੇ ਜ਼ਿੰਮੇਵਾਰੀ ਨਾਲ ਸਮਾਜ ਸੇਵਾ ਕਰਨ ਲਈ ਪ੍ਰੇਰਿਤ ਕਰੇਗਾ।
ਉਨ੍ਹਾਂ ਨੇ ਭਰੋਸਾ ਦਿੱਤਾ ਕਿ ਅਕੈਡਮੀ ਭਵਿੱਖ ਵਿੱਚ ਵੀ ਨੌਜਵਾਨਾਂ ਨੂੰ ਨਸ਼ਾ ਮੁਕਤ ਸਮਾਜ ਦੀ ਰਚਨਾ ਲਈ ਖੇਡਾਂ ਨਾਲ ਜੋੜਦੀ ਰਹੇਗੀ ਤੇ ਉਹ ਅੱਗੇ ਵੀ ਨੌਜਵਾਨ ਪੀੜ੍ਹੀ ਨੂੰ ਨਸ਼ਾ ਮੁਕਤ ਅਤੇ ਖੇਡਾਂ ਨਾਲ ਜੋੜਨ ਲਈ ਆਪਣੀ ਸੇਵਾ ਜਾਰੀ ਰੱਖਣਗੇ। ਮੇਲੇ ਦੌਰਾਨ ਵੱਖ-ਵੱਖ ਸਮਾਜਿਕ, ਖੇਡ ਅਤੇ ਸੱਭਿਆਚਾਰਕ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ ਅਤੇ ਨਸ਼ਿਆਂ ਖ਼ਿਲਾਫ਼ ਇਕਜੁਟ ਹੋ ਕੇ ਲੜਨ ਦਾ ਸੱਦਾ ਦਿੱਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ