
ਅੰਮ੍ਰਿਤਸਰ, 29 ਦਸੰਬਰ (ਹਿੰ. ਸ.)। ਸ੍ਰੀ ਦਰਬਾਰ ਸਾਹਿਬ ਦੀਆਂ ਪਰਕਰਮਾਂ ਵਿਚ ਲੱਗੇ ਪੁਰਾਤਨ ਖੰਭਿਆਂ ’ਚੋਂ ਨੁਕਸਾਨੇ ਗਏ ਇਕ ਖੰਭੇ ਨੂੰ ਰਿਪੇਅਰ ਲਈ ਉਤਾਰੇ ਜਾਣ ਮਗਰੋਂ ਸੋਸ਼ਲ ਮੀਡੀਆ ’ਤੇ ਹੋ ਰਹੇ ਗੁੰਮਰਾਹਕੁੰਨ ਪ੍ਰਚਾਰ ਬਾਰੇ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ ਨੇ ਕਿਹਾ ਕਿ ਇਹ ਸੰਗਤਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰਿਪੇਅਰ ਲਈ ਉਤਾਰਿਆ ਗਿਆ ਹੈ। ਧੰਗੇੜਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੀ ਪਰਕਰਮਾਂ ਵਿਚ ਸਥਿਤ ਫਰੀਦਕੋਟ ਰਿਆਸਤ ਵੱਲੋਂ ਬਿਜਲੀ ਸਪਲਾਈ ਲਈ ਲਗਾਏ ਗਏ ਖੰਭਿਆਂ ਵਿੱਚੋਂ ਤਿੰਨ ਖੰਭੇ ਮੌਜੂਦ ਹਨ, ਜਿਨ੍ਹਾਂ ਵਿੱਚੋਂ ਬੁੰਗਾ ਰਾਮਗੜ੍ਹੀਆ ਵਾਲੇ ਪਾਸੇ ਸਥਿਤ ਇਹ ਖੰਭਾ ਨੁਕਸਾਨਿਆ ਗਿਆ ਸੀ, ਜੋ ਇਸ ਵੇਲੇ ਪਾਈਪਾਂ ਅਤੇ ਤਾਰਾਂ ਦੇ ਸਹਾਰੇ ਖੜ੍ਹਾ ਸੀ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ਵਿਚ ਪੁੱਜਦੀਆਂ ਸੰਗਤਾਂ ਨੂੰ ਕਿਸੇ ਕਿਸਮ ਦਾ ਨੁਕਸਾਨ ਨਾ ਪਹੁੰਚੇ, ਇਸ ਲਈ ਇਹ ਖੰਭਾ ਰਿਪੇਅਰ ਲਈ ਉਤਾਰਿਆ ਗਿਆ ਹੈ। ਧੰਗੇੜਾ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦਾ ਹਮੇਸ਼ਾ ਯਤਨ ਰਿਹਾ ਹੈ ਕਿ ਵਿਰਾਸਤੀ ਨਿਸ਼ਾਨੀਆਂ ਨੂੰ ਹੂਬਹੂ ਰੂਪ ਵਿਚ ਸੰਭਾਲਿਆ ਜਾਵੇ। ਇਸ ਖੰਭੇ ਦੀ ਰਿਪੇਅਰ ਕਰਕੇ ਇਸੇ ਰੂਪ ਵਿਚ ਜਲਦ ਇਸ ਨੂੰ ਮੁੜ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰ੍ਹਾਂ ਦੇ ਗੁੰਮਰਾਹਕੁੰਨ ਪ੍ਰਚਾਰ ਵੱਲ ਧਿਆਨ ਨਾ ਦੇਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ