
ਕਾਠਮੰਡੂ/ਲੰਡਨ, 3 ਦਸੰਬਰ (ਹਿੰ.ਸ.)। ਬ੍ਰਿਟੇਨ ਦੀ ਇੱਕ ਅਦਾਲਤ ਨੇ ਸੱਤ ਕੁੜੀਆਂ ਅਤੇ ਇੱਕ ਔਰਤ ਦੇ ਜਿਨਸੀ ਸ਼ੋਸ਼ਣ ਅਤੇ ਜ਼ਬਰ ਜਨਾਂਹ ਦੇ ਦੋਸ਼ ਵਿੱਚ ਇੱਕ ਨੇਪਾਲੀ ਨਾਗਰਿਕ ਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਯੂਕੇ ਦੇ ਪੀਟਰਬਰੋ ਦੇ ਰਹਿਣ ਵਾਲੇ 49 ਸਾਲਾ ਪ੍ਰਮੋਦ ਢਕਾਲ ਨੂੰ ਕੈਂਬਰਿਜ ਕਰਾਊਨ ਕੋਰਟ ਨੇ ਜਿਨਸੀ ਅਪਰਾਧਾਂ ਦਾ ਦੋਸ਼ੀ ਪਾਇਆ ਅਤੇ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ। ਅਦਾਲਤ ਦੇ ਅਨੁਸਾਰ, ਢਕਾਲ ਨੇ 19 ਸਾਲਾਂ ਤੋਂ ਵੱਧ ਸਮੇਂ ਦੌਰਾਨ ਸੱਤ ਕੁੜੀਆਂ ਅਤੇ ਇੱਕ ਔਰਤ ਨਾਲ ਵਾਰ-ਵਾਰ ਜਿਨਸੀ ਸ਼ੋਸ਼ਣ ਅਤੇ ਜ਼ਬਰ ਜਨਾਹ ਕੀਤਾ। ਢਕਾਲ ਦਾ ਜੱਦੀ ਘਰ ਕਾਠਮੰਡੂ ਵਿੱਚ ਦੱਸਿਆ ਗਿਆ ਹੈ।
ਢਕਾਲ ਨੂੰ ਨਵੰਬਰ 2023 ਵਿੱਚ ਇੱਕ ਪੀੜਤਾ ਵੱਲੋਂ ਆਪਣੇ ਪਰਿਵਾਰ ਕੋਲ ਘਟਨਾ ਦਾ ਖੁਲਾਸਾ ਕਰਨ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਸੀ। ਬਾਅਦ ਵਿੱਚ ਸੱਤ ਹੋਰ ਪੀੜਤਾਂ ਸਾਹਮਣੇ ਆਈਆਂ। ਜਿਨਸੀ ਸ਼ੋਸ਼ਣ ਦੇ ਸਮੇਂ ਪੀੜਤਾਂ ਵਿੱਚੋਂ ਇੱਕ ਨੂੰ ਛੱਡ ਕੇ ਸਾਰੀਆਂ ਕੁੜੀਆਂ ਸਨ; ਸਭ ਤੋਂ ਛੋਟੀ ਸਿਰਫ 8 ਸਾਲ ਦੀ ਸੀ। ਸੱਤ ਪੀੜਤ ਕੈਂਬਰਿਜਸ਼ਾਇਰ ਤੋਂ ਸਨ ਅਤੇ ਇੱਕ ਲੰਡਨ ਦੀ ਰਹਿਣ ਵਾਲੀ ਸੀ। ਕਈ ਪੀੜਤਾਂ ਨੇ ਵਿਸ਼ਵਾਸ ਨਾ ਕੀਤੇ ਜਾਣ ਦੇ ਡਰੋਂ ਲੰਬੇ ਸਮੇਂ ਤੱਕ ਗੱਲ ਨਹੀਂ ਕੀਤੀ ਸੀ। ਕੈਂਬਰਿਜ ਕਰਾਊਨ ਕੋਰਟ ਦੇ ਜੱਜ ਮਾਰਕ ਬਿਸ਼ਪ ਨੇ ਮੰਗਲਵਾਰ ਨੂੰ ਢਕਾਲ ਨੂੰ 25 ਸਾਲ ਦੀ ਕੈਦ ਅਤੇ ਵਧਾਈ ਗਈ ਲਾਇਸੈਂਸ ਮਿਆਦ (ਰਿਹਾਈ ਤੋਂ ਬਾਅਦ ਸਖ਼ਤ ਨਿਗਰਾਨੀ) ਦੇ ਅੱਠ ਸਾਲ ਦੀ ਸਜ਼ਾ ਸੁਣਾਈ। ਢਕਾਲ ਪਿਛਲੇ ਕੁਝ ਸਾਲਾਂ ਤੋਂ ਪੀਟਰਬਰੋ ਖੇਤਰ ਵਿੱਚ ਇੱਕ ਰੈਸਟੋਰੈਂਟ ਚਲਾ ਰਿਹਾ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ