
ਬਟਾਲਾ, 30 ਦਸੰਬਰ (ਹਿੰ. ਸ.)। ਪੰਜਾਬ ਰਾਜ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਬੀਤੇ ਕੱਲ ਗੁਰਦਾਸਪੁਰ ਵਿਖੇ ਕ੍ਰਿਸਮਸ ਦਿਹਾੜੇ ਨੂੰ ਸਮਰਪਿਤ ਰਾਜ ਪੱਧਰੀ ਪ੍ਰੋਗਰਾਮ ਕਰਵਾਉਣ ਦੇ ਲਈ ਆਪ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ, ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ, ਟੂਰਿਜਮ ਡਿਪਾਰਟਮੈਂਟ ਦੇ ਡਾਇਰੈਕਟਰ ਦੀਪਕ ਬਾਲੀ ਦਾ ਧੰਨਵਾਦ ਕੀਤਾ ਹੈ।
ਉਹਨਾਂ ਨੇ ਇਸ ਮੌਕੇ ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੱਲ ਦਾ ਲਾ ਮਿਸਾਲ ਇਕੱਠ ਦਰਸਾਉਂਦਾ ਹੈ ਪੰਜਾਬ ਦੇ ਮਸੀਹੀ ਲੋਕ ਪ੍ਰਭੂ ਯਿਸ਼ੂ ਮਸੀਹ ਦੇ ਜਨਮ ਦਿਹਾੜੇ ਨੂੰ ਕਿੰਨਾ ਅਹਿਮ ਸਮਝਦੇ ਹਨ।
ਉਹਨਾਂ ਨੇ ਖਾਸ ਧੰਨਵਾਦ ਕਰਦਿਆਂ ਅਪੋਸਟਲ ਅੰਕੁਰ ਯੂਸਫ ਨਰੂਲਾ ਜੀ ਦਾ ਅਸ਼ੀਰਵਾਦ ਦੇਣ ਦੇ ਲਈ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ਇਸ ਇਕੱਠ ਨੂੰ ਕਾਮਯਾਬ ਕਰਨ ਲਈ ਅੰਕੁਰ ਨਰੂਲਾ ਮਿਨਿਸਟਰੀ ਵੱਲੋਂ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਉਹਨਾਂ ਨੇ ਗਲੋਬਲ ਕ੍ਰਿਸਚਿਅਨ ਐਕਸ਼ਨ ਕਮੇਟੀ ਵੱਲੋਂ ਇਸ ਵੱਡੇ ਇਕੱਠ ਵਿੱਚ ਕੀਤੇ ਕੰਮ ਦਾ ਵੀ ਧੰਨਵਾਦ ਕੀਤਾ।
ਕ੍ਰਿਸਮਸ ਦਿਹਾੜੇ ਮੌਕੇ ਅਪੋਸਟਲ ਅੰਕੁਰ ਯੂਸਫ ਨਰੂਲਾ ਨੇ ਸਮੂਹ ਮਸੀਹ ਭਾਈਚਾਰੇ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਪ੍ਰਭੂ ਯਿਸ਼ੂ ਮਸੀਹ ਨੇ ਸਮੁੱਚੀ ਦੁਨੀਆਂ ਨੂੰ ਪਿਆਰ ਦਾ ਸੰਦੇਸ਼ ਦਿੱਤਾ। ਸਾਰੇ ਧਰਮਾਂ ਦਾ ਸਤਿਕਾਰ ਕੀਤਾ। ਪਰਮੇਸ਼ੁਰ ਕਿਸੇ ਵੀ ਜਾਤ ਧਰਮ ਦੇ ਪਰਿਵਰਤਨ ਤੋਂ ਉੱਪਰ ਉੱਠ ਕਿ ਸਾਰੀ ਮਾਨਵਤਾ ਨੂੰ ਭਾਈਚਾਰਕ ਸਾਂਝ ਦਾ ਸੰਦੇਸ਼ ਦਿੰਦਾ ਹੈ। ਉਨ੍ਹਾਂ ਨੇ ਸਮੂਹ ਮਸੀਹ ਭਾਈਚਾਰੇ ਦਾ ਭਾਰੀ ਧੁੰਦ ਪੈਣ ਦੇ ਬਾਵਜੂਦ ਵੀ ਸਮਾਗਮ ਵਿੱਚ ਪਹੁੰਚਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ