
ਫਾਜ਼ਿਲਕਾ 30 ਦਸੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਵਿਤਾ ਸਿੰਘ ਸਿਵਲ ਸਰਜਨ ਅਤੇ ਡਾ. ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਫ਼ਾਜ਼ਿਲਕਾ ਵੱਲੋਂ ਜਿਲ੍ਹਾ ਨਿਵਾਸੀਆਂ ਨੂੰ ਸੀਤ ਲਹਿਰ ਤੋਂ ਆਪਣਾ ਬਚਾਅ ਲਈ ਸਲਾਹ ਦਿੱਤੀ ਹੈ। ਉਹਨਾ ਕਿਹਾ ਕਿ ਕੜਾਕੇ ਦੀ ਠੰਢ ਦੇ ਮੌਸਮ ’ਚ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਸਾਵਧਾਨੀਆਂ ਵਰਤ ਕੇ ਇਨ੍ਹਾਂ ਤੋਂ ਬਚਾਅ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਲੰਮੇ ਸਮੇ ਤੱਕ ਠੰਢ ਦੇ ਸੰਪਰਕ ਵਿਚ ਰਹਿਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਠੰਢ ਦੇ ਜ਼ਿਆਦਾ ਸੰਪਰਕ ਵਿੱਚ ਆਉਣ ਨਾਲ ਕਈ ਬੀਮਾਰੀਆਂ ਜਿਵੇਂ ਫਲੂ, ਨੱਕ ਵਗਣਾ, ਹਾਈਪੋਥਰਮੀਆ ਆਦਿ ਦੀ ਸੰਭਾਵਨਾ ਵੱਧ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਸੀਤ ਲਹਿਰ ਬਾਰੇ ਮੌਸਮ ਵਿਭਾਗ ਦੀ ਭਵਿੱਖਬਾਣੀ ਤੇ ਨਜ਼ਰ ਰੱਖਣੀ ਚਾਹੀਦੀ ਹੈ। ਬਿਮਾਰੀਆਂ ਤੇ ਫਲੂ ਆਦਿ ਤੋਂ ਬਚਣ ਲਈ ਘਰਾਂ ਦੇ ਅੰਦਰ ਰਹਿਣ ਨੂੰ ਹੀ ਤਰਜੀਹ ਦਿੱਤੀ ਜਾਵੇ। ਘਰਾਂ ਦੇ ਦਰਵਾਜ਼ੇ ਅਤੇ ਖਿੜਕੀਆਂ ਚੰਗੀ ਤਰ੍ਹਾਂ ਬੰਦ ਰੱਖੇ ਜਾਣ ਤਾਂ ਕਿ ਠੰਢੀ ਹਵਾ ਅੰਦਰ ਨਾ ਆ ਸਕੇ।
ਇਸ ਤੋਂ ਇਲਾਵਾ ਬਹੁਪਰਤੀ ਗਰਮ ਊਨੀ ਕੱਪੜੇ ਪਾਏ ਜਾਣ। ਨਿਯਮਿਤ ਤੌਰ 'ਤੇ ਗਰਮ ਪੀਣ ਵਾਲੇ ਪਦਾਰਥ ਪੀਓ ਤੇ ਆਪਣੀ ਚਮੜੀ ਤੇ ਤੇਲ ਜੈਲੀ ਜਾਂ ਬਾਡੀ ਕਰੀਮ ਨਾਲ ਨਿਯਮਿਤ ਤੌਰ 'ਤੇ ਨਮੀ ਦੇਣੀ ਚਾਹੀਦੀ ਹੈ! ਉਨ੍ਹਾਂ ਕਿਹਾ ਕਿ ਸਰੀਰ ਦੀ ਰੋਗ ਪ੍ਰਤੀਰੋਧੀ ਸ਼ਕਤੀ ਵਧਾਉਣ ਲਈ ਸਰੀਰ ਨੂੰ ਗਰਮ ਰੱਖਣਾ ਬੇਹੱਦ ਜ਼ਰੂਰੀ ਹੈ, ਇਸ ਲਈ ਵਿਟਾਮਿਨ-ਸੀ ਨਾਲ ਭਰਪੂਰ ਸੰਤੁਲਿਤ ਭੋਜਨ ਦੇ ਨਾਲ-ਨਾਲ ਥੋੜੇ-ਥੋੜੇ ਵਕਫੇ ਤੇ ਕੋਸੇ ਤਰਲ ਪਦਾਰਥ ਵੀ ਲੈਂਦੇ ਰਹਿਣਾ ਚਾਹੀਦਾ ਹੈ।
ਉਨ੍ਹਾਂ ਨੇ ਕਿਹਾ ਕਿ ਸਰਦੀ ਦੇ ਮੌਸਮ ਵਿੱਚ ਘਰਾਂ ਵਿੱਚ ਹੀਟਰਾਂ ਦੀ ਵਰਤੋਂ ਕਰਦੇ ਸਮੇਂ ਹਵਾਦਾਰੀ ਬਣਾਈ ਰੱਖੋ। ਬੰਦ ਕਮਰੇ ਵਿੱਚ ਅੰਗੀਠੀ ਬਾਲ ਕੇ ਕਦੇ ਵੀ ਅੱਗ ਨਾ ਸੇਕੀ ਜਾਵੇ, ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਜਿਸ ਨਾਲ ਬੰਦ ਕਮਰੇ ਵਿੱਚ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜੋ ਜਾਨਲੇਵਾ ਸਾਬਤ ਹੋ ਸਕਦੀ ਹੈ।ਸ਼ਰਾਬ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਕਿਉਂਕਿ ਸ਼ਰਾਬ ਸਰੀਰ ਦਾ ਤਾਪਮਾਨ ਘਟਾਉਂਦੀ ਹੈ ਅਤੇ ਹਾਈਪੋਥਰਮੀਆ ਦੇ ਜੋਖਮ ਨੂੰ ਵਧਾਉਂਦੀ ਹੈ।
ਡਾ. ਸੁਨੀਤਾ ਕੰਬੋਜ਼ ਜਿਲ੍ਹਾ ਐਪੀਡੀਮੋਲੋਜਿਸਟ ਨੇ ਕਿਹਾ ਕਿ ਬਜ਼ੁਰਗਾਂ ਨੂੰ ਇਨ੍ਹਾਂ ਦਿਨਾਂ ’ਚ ਅਪਣੀ ਸਿਹਤ ਦਾ ਖ਼ਾਸ ਖ਼ਿਆਲ ਰੱਖਣ ਦੀ ਲੋੜ ਹੁੰਦੀ ਹੈ। ਧੁੰਦ ਅਤੇ ਕੜਾਕੇ ਦੀ ਠੰਢ ’ਚ ਬਾਹਰ ਸੈਰ ਕਰਨ ਤੋਂ ਬਚਣਾ ਚਾਹੀਦਾ ਹੈ।
ਕਿਸਾਨ ਆਪਣੇ ਪਾਲਤੂ ਜਾਨਵਰਾਂ ਨੂੰ ਆਪਣੇ ਘਰਾਂ ਦੇ ਅੰਦਰ ਮੌਜੂਦ ਪਸ਼ੂਆਂ ਵਾਲੀਆਂ ਥਾਵਾਂ ਦੇ ਅੰਦਰ ਹੀ ਰੱਖਣ। ਇਸੇ ਤਰ੍ਹਾਂ, ਪਸ਼ੂਆਂ ਜਾਂ ਹੋਰ ਵੱਡੇ ਜਾਨਵਰਾਂ ਨੂੰ ਇੱਕ ਘੇਰੇ ਵਿੱਚ ਅੰਦਰ ਰੱਖ ਕੇ ਠੰਡੇ ਮੌਸਮ ਤੋਂ ਬਚਾਓ।
ਜ਼ਿਕਰਯੋਗ ਹੈ ਕਿ ਸਿਹਤ ਵਿਭਾਗ ਵੱਲੋਂ ਜ਼ਿਲ੍ਹੇ ਅਧੀਨ ਆਉਂਦੇ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਨੂੰ ਠੰਢ ਨਾਲ ਪੀੜਤ ਮਰੀਜ਼ਾਂ ਦੇ ਇਲਾਜ ਲਈ ਹਸਪਤਾਲਾਂ ਵਿੱਚ ਲੋੜੀਂਦੇ ਇੰਤਜ਼ਾਮ ਕਰਨ ਲਈ ਹਦਾਇਤਾਂ ਪਹਿਲਾਂ ਹੀ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਨੇ ਕਿਹਾ ਕਿ ਸਰੀਰਕ ਤਾਪਮਾਨ ਦੀ ਕਮੀ ਨਾਲ ਬੋਲਣ ਵਿੱਚ ਕੰਬਣੀ, ਨੀਂਦ ਆਉਣਾ, ਮਾਸਪੇਸ਼ੀਆਂ ਵਿੱਚ ਅਕੜਾਅ, ਸਾਹ ਲੈਣ ਵਿਚ ਔਖਿਆਈ ਹੋ ਸਕਦੀ ਹੈ। ਹਾਈਪੋਥਰਮੀਆ ਤੋਂ ਪੀੜਤ ਵਿਅਕਤੀ ਜਿੰਨੀ ਜਲਦੀ ਹੋ ਸਕੇ, ਡਾਕਟਰੀ ਸਹਾਇਤਾ ਲੈਣ। ਉਨ੍ਹਾਂ ਆਖਿਆ ਕਿ ਕਿਸੇ ਤਰ੍ਹਾਂ ਦੀ ਸਿਹਤ ਸਮੱਸਿਆ ਸਬੰਧੀ ਨਜ਼ਦੀਕੀ ਸਰਕਾਰੀ ਸਿਹਤ ਸੰਸਥਾ ਵਿਚ ਡਾਕਟਰ ਕੋਲ ਪਹੁੰਚ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ