
ਮੋਹਾਲੀ, 30 ਦਸੰਬਰ ਹਿੰ. ਸ.)। ਵਾਤਾਵਰਣ ਦੀ ਸਾਂਭ ਸੰਭਾਲ ਦੇ ਲਈ ਸਾਨੂੰ ਸਭ ਨੂੰ ਮਿਲ ਕੇ ਹੰਬਲਾ ਮਾਰਨਾ ਹੋਵੇਗਾ ਕਿਉਂਕਿ ਅਸੀਂ ਕੁਦਰਤੀ ਸੋਮਿਆਂ ਨੂੰ ਪ੍ਰਦੂਸ਼ਿਤ ਕਰਨ ਦੇ ਵਿੱਚ ਬਰਾਬਰ ਦੇ ਜਿੰਮੇਵਾਰ ਹਾਂ ,ਅਸੀਂ ਘਰ ਵਿੱਚ ਤਾਂ ਸਫਾਈ ਰੱਖਣੀ ਪਸੰਦ ਕਰਦੇ ਹਾਂ, ਪਰੰਤੂ ਆਪਣੇ ਚੋਗਿਰਦੇ ਨੂੰ ਗੰਧਲਾ ਕਰਨ ਦੇ ਵਿੱਚ ਅਸੀਂ ਖੁਦ ਹੀ ਜਿੰਮੇਵਾਰ ਹਾਂ, ਇਹ ਗੱਲ ਵਿਧਾਇਕ ਕੁਲਵੰਤ ਸਿੰਘ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਹੀ।
ਇੱਥੇ ਇਹ ਗੱਲ ਦੱਸਣਯੋਗ ਹੈ ਕਿ ਸਵਾਮੀ ਸੰਪੂਰਨ ਨੰਦ ਜੀ ਦੀ ਰਹਿਨੁਮਾਈ ਹੇਠ ਆਯੋਜਿਤ ਭਜਨ ਸੰਧਿਆ ਅਤੇ ਵਾਤਾਵਰਨ ਗੋਸ਼ਟੀ ਦੇ ਪ੍ਰੋਗਰਾਮ ਵਿੱਚ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਹੋਰਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿੱਚ ਜਿੱਥੇ ਭਗਵਾਨ ਦਾ ਨਾਮ ਜਪਿਆ ਗਿਆ, ਉਥੇ ਨਾਲ ਹੀ ਲੋਕਾਂ ਨਾਲ ਵਾਤਾਵਰਨ ਦੀ ਸੰਭਾਲ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਵਿਚਾਰ ਵੀ ਸਾਂਝੇ ਕੀਤੇ ਗਏ ।
ਇਸ ਮੌਕੇ ਮਾਣਯੋਗ ਗਵਰਨਰ ਪੰਜਾਬ ਗੁਲਾਬ ਚੰਦ ਕਟਾਰੀਆ ਵੀ ਹਾਜ਼ਰ ਸਨ, ਗੋਸਟੀ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਅੱਜ ਵਾਤਾਵਰਣ ਦੀ ਸਾਂਭ -ਸੰਭਾਲ ਕਰਨਾ ਸਾਡੇ ਸਭਨਾਂ ਦੀ ਨੈਤਿਕ ਜ਼ਿੰਮੇਵਾਰੀ ਬਣਦੀ ਹੈ।
ਸਵਾਮੀ ਸੰਪੂਰਨਾਨੰਦ ਜੀ ਮਹਾਰਾਜ ਦੀ ਰਹਿਨੁਮਾਈ ਹੇਠ ਜੋ ਇਹ ਵਿਸ਼ਾ ਵਾਤਾਵਰਨ ਦੀ ਸਾਂਭ ਸੰਭਾਲ ਚੁਣਿਆ ਗਿਆ ਹੈ ਇਸ ਦੇ ਲਈ ਮੈਂ ਸਵਾਮੀ ਸੰਪੂਰਨਾਨੰਦ ਜੀ ਮਹਾਰਾਜ ਦਾ ਧੰਨਵਾਦੀ ਹੋਵਾਂਗਾ ਕਿ ਉਹਨਾਂ ਨੇ ਵਿਧਾਨ ਸਭਾ ਹਲਕਾ ਮੋਹਾਲੀ ਦੇ ਵਿੱਚ ਇਸ ਅਹਿਮ ਵਿਸ਼ੇ ਤੇ ਗੋਸ਼ਟੀ ਦਾ ਆਯੋਜਨ ਕੀਤਾ। ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਵਾਤਾਵਰਣ ਅੱਜ ਦਾ ਸਭ ਤੋਂ ਜ਼ਰੂਰੀ ਵਿਸ਼ਾ ਹੈ ਕਿਉਂਕਿ ਅੱਜ ਸਾਡੇ ਕੁਦਰਤੀ ਸਰੋਤ ਹਵਾ ,ਪਾਣੀ ਅਤੇ ਧਰਤੀ ਤਿੰਨੋਂ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕੇ ਹਨ। ਹਵਾ ਪੂਰੀ ਤਰ੍ਹਾਂ ਜ਼ਹਿਰੀਲੀ ਹੋ ਚੁੱਕੀ ਹੈ,ਪਾਣੀ ਨੂੰ ਦੂਸ਼ਿਤ ਕਰਨ ਦੇ ਲਈ ਅਸੀਂ ਖੁਦ ਜ਼ਿੰਮੇਵਾਰ ਹਾਂ। ਫੈਕਟਰੀਆਂ ਅਤੇ ਘਰਾਂ ਦੀ ਰਹਿੰਦ -ਖੂੰਹਦ ਨੂੰ ਸਹਿਜੇ ਹੀ ਇਹਨਾਂ ਨਦੀਆਂ ਦੇ ਵੱਲ ਭੇਜ ਦਿੱਤਾ ਜਾਂਦਾ ਹੈ।
ਇਸੇ ਤਰ੍ਹਾਂ ਚੰਡੀਗੜ੍ਹ ਅਤੇ ਮੋਹਾਲੀ ਵਰਗੇ ਵੈੱਲ ਪਲੈਨਡ ਸ਼ਹਿਰ ਦੇ ਵਿੱਚ ਵੀ ਅਸੀਂ ਆਮ ਦੇਖਦੇ ਹਾਂ ਕਿ ਲੋਕੀ ਘਰ ਦੀ ਸਾਫ- ਸਫਾਈ ਤਾਂ ਪਸੰਦ ਕਰਦੇ ਹਨ ਅਤੇ ਬਹੁਤ ਵਾਰ ਖੁਦ ਵੀ ਕਰਦੇ ਹਨ ਪ੍ਰੰਤੂ ਉਹ ਘਰ ਦਾ ਕੂੜਾ ਕਰਕਟ ਲਿਫਾਫਿਆਂ ਦੇ ਰੂਪ ਵਿੱਚ ਸੜਕਾਂ ਤੇ ਖਿਲਾਰਨ ਵਿੱਚ ਜ਼ਰਾ ਜਿੰਨਾ ਵੀ ਸੰਕੋਚ ਨਹੀਂ ਕਰਦੇ ਅਸੀਂ ਸਭ ਨੇ ਮਿਲ ਕੇ ਹੀ ਇਹਨਾਂ ਕੁਦਰਤੀ ਸਰੋਤਾਂ ਨੂੰ ਪੂਰੀ ਤਰ੍ਹਾਂ ਦੂਸ਼ਿਤ ਕਰ ਦਿੱਤਾ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਵਿਕਾਸ ਦੇ ਨਾਂ ਨਾਲ ਜਿੱਥੇ ਤਰੱਕੀ ਹੁੰਦੀ ਹੈ ਉੱਥੇ ਨਾਲ ਹੀ ਨੁਕਸਾਨ ਵੀ ਝੱਲਣਾ ਪੈਂਦਾ ਹੈ। ਸਾਨੂੰ ਵਿਕਾਸ ਦੇ ਰਾਹ ਚੁਣਨ ਵੇਲੇ ਸਾਡੇ ਕੁਦਰਤੀ ਸਰੋਤਾਂ ਦਾ ਨੁਕਸਾਨ ਨਾ ਹੋਵੇ ਇਸ ਗੱਲ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ , ਕੁਦਰਤੀ ਸੋਮਿਆਂ ਦਾ ਨੁਕਸਾਨ ਕਰਨ ਦੀ ਜ਼ਿੰਮੇਵਾਰੀ ਸਾਨੂੰ ਸਭਨਾਂ ਨੂੰ ਲੈਣੀ ਚਾਹੀਦੀ ਹੈ ਅਤੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਸਾਨੂੰ ਸਭ ਨੂੰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਅਤੇ ਇਸ ਦੇ ਲਈ ਸਾਨੂੰ ਤੁਰੰਤ ਯਤਨ ਸ਼ੁਰੂ ਕਰਨੇ ਪੈਣਗੇ ,ਨਹੀਂ ਤਾਂ ਸਾਨੂੰ ਸਾਡੀਆਂ ਆਉਣ ਵਾਲੀਆਂ ਪੀੜੀਆਂ ਕਦੇ ਵੀ ਮੁਆਫ ਨਹੀਂ ਕਰਨਗੀਆਂ।
ਵਿਧਾਇਕ ਕੁਲਵੰਤ ਸਿੰਘ ਹੋਰਾਂ ਕਿਹਾ ਕਿ ਉਹ ਪੰਜ ਸਾਲਾਂ ਤੱਕ ਮਿਉਂਸੀਪਲ ਕਮੇਟੀ ਦੇ ਪ੍ਰਧਾਨ ਅਤੇ ਫਿਰ ਮੋਹਾਲੀ ਕਾਰਪੋਰੇਸ਼ਨ ਦੇ ਬਤੌਰ ਮੇਅਰ ਅਤੇ ਹੁਣ ਵਿਧਾਇਕ ਵਜੋਂ ਵਿਚਰਦਿਆਂ ਇਹ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੈ ਕਿ ਸਾਨੂੰ ਸਭਨਾਂ ਨੂੰ ਕੁਦਰਤੀ ਸੋਮੇ ਹਵਾ, ਪਾਣੀ ਅਤੇ ਧਰਤੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਦੇ ਲਈ ਸਾਡੇ ਵਿਗਿਆਨੀਆਂ ਅਤੇ ਮਾਹਿਰਾਂ ਦੀ ਸਲਾਹ ਨਾ ਸਿਰਫ ਸੁਣਨੀ ਚਾਹੀਦੀ ਹੈ ਸਗੋਂ ਉਸਨੂੰ ਆਪਣੇ ਜੀਵਨ ਦੇ ਵਿੱਚ ਵਿਚਰਦਿਆਂ ਅਮਲੀ ਜਾਮਾ ਵੀ ਪਹਿਨਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਅੱਜ ਸਾਨੂੰ ਸਭਨਾਂ ਨੂੰ ਇਸ ਮੌਕੇ ਤੇ ਇਹ ਸੋਹ ਖਾਣੀ ਚਾਹੀਦੀ ਹੈ ਕਿ ਵਾਤਾਵਰਣ ਦੀ ਸੰਭਾਲ ਲਈ ਜਿੱਥੇ ਯਤਨ ਕੀਤੇ ਜਾਣਗੇ, ਉੱਥੇ ਵੱਧ ਤੋਂ ਵੱਧ ਪੌਦੇ ਵੀ ਲਗਾਏ ਜਾਣ ਅਤੇ ਬਕਾਇਦਾ ਇਹਨਾਂ ਪੌਦਿਆਂ ਦੀ ਸਾਂਭ -ਸੰਭਾਲ ਵੀ ਕੀਤੀ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ