
ਤਰਨਤਾਰਨ, 9 ਦਸੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਤਰਨ ਤਾਰਨ ਰਾਹੁਲ ਦੇ ਹੁਕਮਾਂ ਤਹਿਤ ਸਿਵਲ ਸਰਜਨ ਤਰਨਤਾਰਨ ਡਾ. ਗੁਰਪ੍ਰੀਤ ਸਿੰਘ ਰਾਏ ਵੱਲੋਂ ਨਸ਼ਿਆਂ ਦੀ ਰੋਕਥਾਮ ਲਈ ਇੱਕ ਵਿਸ਼ੇਸ਼ ਜਾਂਚ ਟੀਮ ਗਠਿਤ ਕੀਤੀ ਗਈ ਹੈ, ਜਿਸ ਵਿੱਚ ਡਿਪਟੀ ਮੈਡੀਕਲ ਕਮਿਸ਼ਨਰ ਡਾ. ਰੂਪਮ ਚੌਧਰੀ, ਤਹਿਸੀਲਦਾਰ ਹਰੀਕੇ ਅਕਵਿੰਦਰ ਕੌਰ, ਡਾ. ਪਵਨਦੀਪ (ਨੋਡਲ ਅਫ਼ਸਰ, ਡੀ-ਐਡੀਕਸ਼ਨ ਸੈਂਟਰ), ਸ਼੍ਰੀ ਵਰਿੰਦਰਪਾਲ ਸਿੰਘ ਭਾਟੀਆ (ਫਾਰਮੇਸੀ ਅਫ਼ਸਰ), ਸ਼੍ਰੀਮਤੀ ਯੋਗਿਤਾ (ਕੌਂਸਲਰ), ਡੀ.ਐਸ.ਪੀ. ਪੱਟੀ ਦੇ ਨੁਮਾਇੰਦੇ ਐਸ.ਐਚ.ਓ. ਹਰੀਕੇ ਬਲਰਾਜ ਸਿੰਘ ਆਦਿ ਸ਼ਾਮਲ ਸਨ।
ਇਸ ਟੀਮ ਵੱਲੋਂ ਸੇਫ਼ ਲਾਈਫ਼ ਰੀਹੈਬਲੀਏਸ਼ਨ ਸੈਂਟਰ, ਬੂਹ ਹਵੇਲੀਆਂ ਵਿੱਚ ਰੇਡ ਕਰਕੇ ਜਾਂਚ ਕੀਤੀ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਕੇਂਦਰ ਬਿਨਾਂ ਕਿਸੇ ਮਨਜ਼ੂਰੀ, ਬਿਨਾਂ ਰਜਿਸਟ੍ਰੇਸ਼ਨ ਅਤੇ ਬਿਨਾਂ ਯੋਗਤਾ ਵਾਲੇ ਸਟਾਫ ਦੇ ਅਤੇ ਗੈਰ-ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਸੀ। ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ ਅਤੇ ਪੁਲਿਸ ਵਿਭਾਗ ਦੀ ਸਾਂਝੀ ਰੇਡ ਦੌਰਾਨ ਮਰੀਜ਼ਾਂ ਦੀ ਦੇਖਭਾਲ, ਇਲਾਜ, ਰਹਾਇਸ਼ ਤੇ ਸੁਰੱਖਿਆ ਸਬੰਧੀ ਬੁਨਿਆਦੀ ਮਾਪਦੰਡਾਂ ਦੀ ਗੰਭੀਰ ਉਲੰਘਣਾ ਸਾਹਮਣੇ ਆਈ। ਕਾਰਵਾਈ ਦੌਰਾਨ ਜ਼ਬਰਨ ਦਾਖ਼ਲ ਕੀਤੇ ਹੋਏ 8 ਮਰੀਜ਼ਾਂ ਨੂੰ ਸੁਰੱਖਿਅਤ ਢੰਗ ਨਾਲ ਬਚਾ ਕੇ ਸਰਕਾਰੀ ਨਸ਼ਾ ਛਡਾਊ ਕੇਂਦਰ ਵਿੱਚ ਦਾਖ਼ਲ ਕਰਵਾ ਦਿੱਤਾ ਗਿਆ, ਤਾਂ ਜੋ ਉਹਨਾਂ ਨੂੰ ਮਿਆਰੀ ਅਤੇ ਸੁਰੱਖਿਅਤ ਇਲਾਜ ਮਿਲ ਸਕੇ।
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਕੇਂਦਰ ਨੂੰ ਤੁਰੰਤ ਬੰਦ ਕਰਕੇ ਜ਼ਿੰਮੇਵਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜਨਤਾ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕੇਵਲ ਸਰਕਾਰੀ ਪ੍ਰਮਾਣਿਤ ਅਤੇ ਰਜਿਸਟਰਡ ਨਸ਼ਾ ਮੁਕਤੀ ਕੇਂਦਰਾਂ ਵਿੱਚ ਹੀ ਇਲਾਜ ਲਈ ਸੰਪਰਕ ਕਰਨ।
ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਚਲਾਏ ਜਾ ਰਹੇ ਯੁੱਧ ਨਸ਼ਿਆਂ ਵਿਰੁੱਧ ਨੂੰ ਹੋਰ ਮਜ਼ਬੂਤ ਕਰਨ ਲਈ ਇਸ ਤਰ੍ਹਾਂ ਦੀਆਂ ਕਾਰਵਾਈਆਂ ਭਵਿੱਖ ਵਿੱਚ ਵੀ ਜਾਰੀ ਰਹਿਣਗੀਆਂ!
----------------
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ