
ਪਟਿਆਲਾ, 9 ਦਸੰਬਰ (ਹਿੰ. ਸ.)। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪਟਿਆਲਾ ਜ਼ਿਲ੍ਹੇ ਅੰਦਰ 14 ਦਸੰਬਰ ਨੂੰ 23 ਜ਼ਿਲ੍ਹਾ ਪ੍ਰੀਸ਼ਦ ਜੋਨਾਂ ਤੇ 10 ਬਲਾਕ ਸੰਮਤੀਆਂ ਦੇ 184 ਜੋਨਾਂ ਦੀਆਂ ਚੋਣਾਂ ਦੌਰਾਨ ਪੈਣ ਵਾਲੀਆਂ ਵੋਟ ਬਕਸੇ ਰੱਖਣ ਲਈ ਬਣਾਏ ਗਏ ਸਟਰਾਂਗ ਰੂਮਜ ਤੇ ਵੋਟਾਂ ਦੀ ਗਿਣਤੀ ਕੇਂਦਰਾਂ ਦਾ ਨਿਰੀਖਣ ਕਰਨ ਲਈ ਸਰਕਾਰੀ ਮਹਿੰਦਰਾ ਕਾਲਜ ਤੇ ਸਰਕਾਰੀ ਆਈ.ਟੀ.ਆਈ. ਨਾਭਾ ਰੋਡ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਏ.ਡੀ.ਸੀ. (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਵੀ ਮੌਜੂਦ ਸਨ।
ਜ਼ਿਲ੍ਹਾ ਚੋਣ ਅਫ਼ਸਰ ਡਾ. ਪ੍ਰੀਤੀ ਯਾਦਵ ਨੇ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਵੋਟਾਂ ਪੁਆਉਣ ਲਈ ਚੋਣ ਅਮਲ 'ਚ ਲੱਗੇ ਪ੍ਰੀਸਾਈਡਿੰਗ ਤੇ ਪੋਲਿੰਗ ਅਫ਼ਸਰਾਂ ਤੇ ਹੋਰ ਚੋਣ ਅਮਲੇ ਨੂੰ ਵੋਟਰ ਬਕਸੇ ਤੇ ਹੋਰ ਚੋਣ ਸਮੱਗਰੀ ਦੇਕੇ 13 ਦਸੰਬਰ ਨੂੰ ਪੋਲਿੰਗ ਬੂਥਾਂ ਵੱਲ ਤੋਰਨ ਲਈ ਬਣਾਏ ਗਏ ਡਿਸਪੈਚ ਸੈਂਟਰਾਂ ਅਤੇ ਵੋਟਾਂ ਮਗਰੋਂ ਵੋਟਰ ਬਕਸੇ ਜਮ੍ਹਾਂ ਕਰਵਾਉਣ ਲਈ ਰਸੀਟ ਸੈਂਟਰਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ। ਉਨ੍ਹਾਂ ਨੇ ਬਲਾਕ ਸੰਮਤੀ ਪਟਿਆਲਾ ਤੇ ਪਟਿਆਲਾ ਦਿਹਾਤੀ ਦੇ ਰਿਟਰਨਿੰਗ ਅਧਿਕਾਰੀਆਂ ਐਸ.ਡੀ.ਐਮ ਹਰਜੋਤ ਕੌਰ ਮਾਵੀ ਤੇ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਵਨੀਤ ਸਿੰਗਲਾ ਤੋਂ ਕੀਤੇ ਗਏ ਪ੍ਰਬੰਧਾਂ ਬਾਰੇ ਜਾਣਕਾਰੀ ਹਾਸਲ ਕੀਤੀ।
ਡਾ. ਪ੍ਰੀਤੀ ਯਾਦਵ ਨੇ ਹਦਾਇਤ ਕੀਤੀ ਕਿ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਸੀ.ਸੀ.ਟੀ.ਵੀ. ਕੈਮਰੇ, ਵੀਡੀਓਗ੍ਰਾਫ਼ੀ ਤੇ ਸੁਰੱਖਿਆ ਪ੍ਰਬੰਧਾਂ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ ਤੋਂ ਇਲਾਵਾ ਚੋਣ ਅਮਲੇ ਦੀ ਸਿਖਲਾਈ ਵੀ ਪੁਖ਼ਤਾ ਕਰਵਾਈ ਜਾਵੇ ਤਾਂ ਕਿ ਸਮੁੱਚਾ ਚੋਣ ਅਮਲ ਨਿਰਵਿਘਨ ਤੇ ਸੁਤੰਤਰ ਢੰਗ ਨਾਲ ਨੇਪਰੇ ਚੜ੍ਹਾਇਆ ਜਾ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ