ਬਠਿੰਡਾ, 22 ਸਤੰਬਰ (ਹਿੰ. ਸ.)। ਗੁਰੂ ਅੰਗਦ ਦੇਵ ਵੈਟਨਰੀ ਅਤੇ ਪਸ਼ੂ ਵਿਗਿਆਨ ਯੂਨੀਵਰਸਿਟੀ, ਲੁਧਿਆਣਾ ਦੇ ਅਧੀਨ ਆਉਂਦੇ, ਵੈਟਨਰੀ ਸਾਇੰਸ ਕਾਲਜ, ਰਾਮਪੁਰਾ ਫੂਲ, ਦੇ ਵੈਟਨਰੀ ਮੈਡੀਸਨ ਵਿਭਾਗ ਵੱਲੋਂ, ਦੁਧਾਰੂ ਪਸ਼ੂਆਂ ਨੂੰ ਥਣਾਂ ਦੀ ਸੋਜ ਤੋਂ ਬਚਾਓ, ਦੁੱਧ ਦੀ ਗੁਣਵੱਤਾ ਵਧਾਓ ਵਿਸ਼ੇ ਉੱਤੇ ਇੱਕ ਰੋਜ਼ਾ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਵਿਗਿਆਨਿਕ ਢੰਗ ਨਾਲ ਇਸ ਰੋਗ ਦੇ ਨਿਯੰਤਰਣ ਬਾਰੇ ਸਿਖਲਾਈ ਦੇਣਾ ਸੀ, ਜੋ ਕਿ ਦੁੱਧ ਦੀ ਗੁਣਵੱਤਾ ਨੂੰ ਨੁਕਸਾਨ ਪਹੁੰਚਾਉਂਦੀ ਹੈ ਤੇ ਉਤਪਾਦਨ ਘਟਾਉਂਦੀ ਹੈ। ਬਠਿੰਡਾ ਜ਼ਿਲ੍ਹੇ ਦੇ ਪਿੰਡ ਬੁੱਗਰਾਂ, ਪੱਖੋ ਕਲਾਂ, ਜਿਉਂਦ, ਲਹਿਰਾ ਬੇਗਾ ਤੇ ਹਾਕਮ ਸਿੰਘ ਵਾਲਾ, ਦੇ ਕੁੱਲ 20 ਕਿਸਾਨਾਂ ਨੇ ਇਸ ਕਾਰਜਸ਼ਾਲਾ ਵਿੱਚ ਭਾਗ ਲਿਆ, ਜਿਸ ਦੇ ਪ੍ਰਯੋਜਕ ਕੈਰਸ ਲੈਬੋਰੇਟਰੀਜ਼ ਪ੍ਰਾਈਵੇਟ ਲਿਮਿਟੇਡ ਸਨIਇਹ ਸਮਾਗਮ ਡਾ. ਗਗਨਦੀਪ ਸਿੰਘ, ਡਾ. ਜਸਲੀਨ ਕੌਰ ਅਤੇ ਡਾ. ਸੁਨੀਲ ਪੁਨੀਆ ਵੱਲੋਂ ਕਰਵਾਇਆ ਗਿਆ ਅਤੇ ਡਾ. ਹਰਨੀਤ ਕੌਰ ਇਸਦੇ ਕੋਆਰਡੀਨੇਟਰ ਰਹੇ। ਕਾਰਜਸ਼ਾਲਾ ਦੌਰਾਨ ਦੁਧਾਰੂ ਪਸ਼ੂਆਂ ਵਿੱਚ ਮਸਟਾਈਟਿਸ ਦੇ ਵਿਸ਼ੇ ਤੇ ਪੱਤਰਾ (ਲੀਫ਼ਲੈੱਟ) ਅਤੇ ਲੇਖ ਸੰਗ੍ਰਹਿ ਵੀ ਜਾਰੀ ਕੀਤੇ ਗਏ ਸਨI ਇਸ ਸਮਾਗਮ ਵਿੱਚ ਵੱਖ-ਵੱਖ ਵਿਸ਼ਿਆਂ ਦੇ ਮਾਹਿਰਾਂ ਡਾ. ਸੰਦੀਪ ਸਿੰਘ ਧਾਲੀਵਾਲ, ਡਾ. ਅਮਿਤ ਕੁਮਾਰ, ਡਾ. ਚੇਤਨਾ ਮਹਾਜਨ, ਡਾ. ਰਚਨਾ ਸ਼ਰਮਾ ਤੇ ਡਾ. ਮਹਕ ਜੰਡਿਆਲ, ਵੱਲੋਂ ਕਿਸਾਨਾਂ ਨੂੰ ਇਸ ਰੋਗ ਦੇ ਵੱਖ ਵੱਖ ਕਾਰਨਾ, ਆਰਥਿਕ ਪ੍ਰਭਾਵ, ਥਣਾਂ ਦੀ ਸੰਭਾਲ, ਡ੍ਰਾਈ ਕਾਉ ਥੈਰੇਪੀ, ਦੁੱਧ ਦੀ ਜਾਂਚ ਅਤੇ ਰਿਕਾਰਡ ਰੱਖਣ ਦੇ ਵਿਸ਼ਿਆਂ ਨਾਲ ਜਾਣੂ ਕਰਵਾਇਆ।ਡਾ. ਕੁਲਦੀਪ ਗੁਪਤਾ, ਡੀਨ ਅਤੇ ਕੋਰਸ ਡਾਇਰੈਕਟਰ, ਵੱਲੋਂ ਇਸ ਰੋਗ ਦੀ ਰੋਕਥਾਮ ਦੀ ਮਹੱਤਤਾ ਵਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਰੋਗ ਦੇ ਨਿਯੰਤਰਣ ਲਈ ਵਿਗਿਆਨਿਕ ਤਰੀਕੇ ਅਪਣਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆਂ ਕਿ ਕਿਸ ਪ੍ਰਕਾਰ ਵਿਗਿਆਨਿਕ ਢੰਗ-ਤਰੀਕੇ ਅਪਣਾ ਕੇ, ਸਾਫ-ਸੁਥਰੇ ਦੁੱਧ ਦੇ ਉਤਪਾਦਨ ਨਾਲ ਕਿਸਾਨਾਂ ਦੀ ਆਮਦਨ ਵਧਾਈ ਜਾ ਸਕਦੀ ਹੈ ਅਤੇ ਇਸ ਕਿੱਤੇ ਨੂੰ ਹੋਰ ਲਾਹੇਵੰਦ ਬਣਾਇਆ ਜਾ ਸਕਦਾ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ