ਫਾਜ਼ਿਲਕਾ 22 ਸਤੰਬਰ (ਹਿੰ. ਸ.)। ਹੜਾਂ ਤੋਂ ਬਾਅਦ ਸਰਹਦੀ ਪਿੰਡਾਂ ਦੇ ਵਸਨੀਕਾਂ ਨੂੰ ਮੁੜ ਵਸੇਬਾ ਕਰਨ ਅਤੇ ਲੀਹ ਤੇ ਲਿਆਉਣ ਦੇ ਮੰਤਵ ਤਹਿਤ ਪੰਜਾਬ ਸਰਕਾਰ ਵੱਲੋਂ ਪੁਰਜ਼ੋਰ ਉਪਰਾਲੇ ਕੀਤੇ ਜਾ ਰਹੇ ਹਨ| ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਮੁੜ ਤੋਂ ਪਟੜੀ ਤੇ ਲਿਆਉਣ ਲਈ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ |
ਤੇਜਾ ਰੁਹੇਲਾ, ਚੱਕ ਰੁਹੇਲਾ, ਦੋਨਾ ਨਾਨਕਾ ਆਦਿ ਪਿੰਡਾਂ ਵਿਖੇ ਦੌਰੇ ਦੌਰਾਨ ਵਿਧਾਇਕ ਫਾਜ਼ਿਲਕਾ ਸ੍ਰੀ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਪਾਣੀ ਤੋਂ ਬਾਅਦ ਬਿਮਾਰੀਆਂ ਦਾ ਫਲਾਅ ਹੋਣ ਦਾ ਖਦਸ਼ਾ ਹੁੰਦਾ ਹੈ ਇਸ ਕਰਕੇ ਪਿੰਡਾਂ ਵਿੱਚ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਕਿ ਲਗਾਤਾਰ ਪਿੰਡ ਵਾਸੀਆਂ ਦਾ ਚੈਕਅਪ ਕਰ ਰਹੀਆਂ ਹਨ| ਉਨਾ ਕਿਹਾ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪਿੰਡ ਵਾਸੀ ਅਤੇ ਬੇਜ਼ੁਬਾਨ ਪਾਣੀ ਦੀਆਂ ਬਿਮਾਰੀਆਂ ਦੀ ਚਪੇਟ ਵਿਚ ਨਾ ਆ ਜਾਣ, ਇਸ ਲਈ ਅਗਾਉ ਪਰਹੇਜ ਰੱਖੇ ਜਾ ਰਹੇ ਹਨ|
ਉਨ੍ਹਾਂ ਕਿਹਾ ਕਿ ਉਹ ਅਧਿਕਾਰੀਆਂ ਨੂੰ ਨਾਲ ਲੈ ਲਗਾਤਾਰ ਪਿੰਡਾਂ ਵਿਚ ਵਿਚਰ ਰਹੇ ਹਨ ਤਾਂ ਜੋ ਪਿੰਡਾਂ ਵਿਚ ਜਮੀਨਾਂ, ਮਕਾਨਾਂ ਤੇ ਬੇਜ਼ੁਬਾਨਾਂ ਦਾ ਜੋ ਵੀ ਨੁਕਸਾਨ ਹੋਇਆ ਹੈ ਉਸਦੀ ਤੇਜੀ ਨਾਲ ਗਿਰਦਾਵਰੀ ਕਰ ਕੇ ਸਰਵੇ ਰਿਪੋਰਟ ਤਿਆਰ ਕਰ ਕੇ ਸਰਕਾਰ ਨੂੰ ਭੇਜੀ ਜਾਵੇਗੀ ਤੇ ਜਲਦ ਤੋਂ ਜਲਦ ਮੁਆਵਜਾ ਦਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ 20 ਹਜਾਰ ਤੱਕ ਦਾ ਪ੍ਰਤੀ ਏਕੜ ਜਮੀਨ ਦਾ ਮੁਆਵਜਾ ਵੀ ਦਿੱਤਾ ਜਾਵੇਗਾ| ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਹੋਏ ਹਰ ਤਰ੍ਹਾਂ ਦੇ ਨੁਕਸਾਨ ਦੀ ਸਰਕਾਰ ਵੱਲੋਂ ਭਰਪਾਈ ਕਰਵਾਈ ਜਾਵੇਗੀ |
ਪਿੰਡਾਂ ਵਿਚ ਲਗਾਏ ਗਏ ਕੈੰਪ ਦੌਰਾਨ ਜਿਥੇ ਸਿਹਤ ਤੇ ਪਸ਼ੂ ਪਾਲਣ ਵਿਭਾਗ ਕਾਰਜਸ਼ੀਲ ਹੈ ਉਥੇ ਲਗਾਤਾਰ ਪਿੰਡਾਂ ਵਿਚ ਜਾ ਕੇ ਰਾਹਤ ਸਮਗਰੀ ਵੰਡੀ ਜਾ ਰਹੀ ਹੈ, ਪਸ਼ੂਆਂ ਲਈ ਕੈਟਲ ਫੀਡ ਤੇ ਪਾਣੀ ਦੀਆਂ ਬੋਤਲਾਂ ਵੀ ਦਿਤੀਆਂ ਗਈਆਂ | ਉਨ੍ਹਾਂ ਕਿਹਾ ਕਿ ਪਸ਼ੂਆਂ ਲਈ ਫੀਡ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ |
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਬਿਨਾਂ ਕਿਸੇ ਪੱਖ ਪਾਤ ਦੇ ਸਰਵੇਅ ਰਿਪੋਰਟ ਤਿਆਰ ਕਰਕੇ ਮੁਆਵਜਾ ਦੇਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ|
ਇਸ ਮੌਕੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਪਿੰਡਾਂ ਵਿਚ ਫੋਗਿੰਗ ਕਰਵਾਈ ਜਾ ਰਹੀ ਹੈ| ਇਸ ਦੌਰਾਨ ਪਾਣੀ ਕਰਕੇ ਨੁਕਸਾਨੀਆ ਗਈਆਂ ਸੜਕਾਂ ਦੀ ਮੁਰੰਮਤ ਕਰਨ ਸੰਬਧੀ ਮੰਡੀ ਬੋਰਡ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ|
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ