ਫਾਜ਼ਿਲਕਾ 22 ਸਤੰਬਰ (ਹਿੰ. ਸ.)। ਹੜਾਂ ਤੋਂ ਬਾਅਦ ਸਰਹਦੀ ਪਿੰਡਾਂ ਨੂੰ ਮੁੜ ਤੋਂ ਉਸਾਰਨ ਤੇ ਪਿੰਡਾਂ ਨੂੰ ਪਾਣੀ ਦੀ ਬਿਮਾਰੀਆਂ ਤੋਂ ਬਚਾਉਣਾ ਅਸਲ ਲੜਾਈ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਫਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਢਾਣੀ ਲਾਭ ਸਿੰਘ ਤੇ ਪਿੰਡ ਮਹਾਤਮ ਨਗਰ ਪਿੰਡਾਂ ਦਾ ਦੌਰਾ ਕਰਨ ਮੌਕੇ ਕੀਤਾ| ਇਸ ਦੌਰਾਨ ਪਿੰਡ ਵਾਸੀਆਂ ਨਾਲ ਵਿਚਾਰ ਚਰਚਾ ਕੀਤੀ ਤੇ ਪੰਜਾਬ ਸਰਕਾਰ ਵੱਲੋਂ ਸਰਹਦੀ ਲੋਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆ ਬਾਰੇ ਦੱਸਿਆ|
ਵਿਧਾਇਕ ਸਵਨਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਲੋਕਾਂ ਨੂੰ ਪਾਣੀ ਤੋਂ ਬਾਅਦ ਹੋਣ ਵਾਲੀਆ ਬਿਮਾਰੀਆਂ ਤੋਂ ਬਚਾਉਣ ਲਈ ਅਗਾਉ ਪ੍ਰਬੰਧ ਕਰ ਰਹੀ ਹੈ, ਬਿਮਾਰੀਆਂ ਦਾ ਫਲਾਅ ਨਾ ਹੋਵੇ, ਇਸ ਕਰਕੇ ਪਿੰਡਾਂ ਵਿੱਚ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਜੋ ਕਿ ਕੈੰਪ ਲਗਾ ਕੇ ਲਗਾਤਾਰ ਪਿੰਡ ਵਾਸੀਆਂ ਦਾ ਚੈਕਅਪ ਕਰ ਰਹੀਆਂ ਹਨ| ਉਨਾ ਕਿਹਾ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਪਿੰਡ ਵਾਸੀ ਅਤੇ ਬੇਜ਼ੁਬਾਨ ਪਾਣੀ ਦੀਆਂ ਬਿਮਾਰੀਆਂ ਦੀ ਚਪੇਟ ਵਿਚ ਨਾ ਆ ਜਾਣ, ਇਸ ਲਈ ਅਗਾਉ ਪਰਹੇਜ ਰੱਖੇ ਜਾ ਰਹੇ ਹਨ|
ਇਸ ਮੌਕੇ ਲੋਕਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਪਿੰਡਾਂ ਵਿਚ ਫੋਗਿੰਗ ਕਰਵਾਈ ਜਾ ਰਹੀ ਹੈ| ਉਨ੍ਹਾਂ ਖੁਦ ਘਰ ਘਰ ਜਾ ਕੇ ਕਰਮਚਾਰੀਆਂ ਨਾਲ ਫੋਗਿੰਗ ਕਰਵਾਈ ਤਾਂ ਜੋ ਮੱਛਰ ਆਦਿ ਨਾਲ ਡੇਂਗੂ ਮਲੇਰੀਆ ਬਿਮਾਰੀਆਂ ਦਾ ਪਸਾਰ ਨਾ ਹੋਵੇ|
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ