ਸਾਹਿਬਜ਼ਾਦਾ ਅਜੀਤ ਸਿੰਘ ਨਗਰ, 22 ਸਤੰਬਰ (ਹਿੰ. ਸ.)। ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਵੱਲੋਂ ਕਰਵਾਏ ਗਏ ਅੰਤਰਰਾਜੀ ਨੌਰਥ ਜ਼ੋਨ ਦੇ ਰੈਡ ਰਿਬਨ ਕੁਇਜ਼ ਮੁਕਾਬਲਿਆਂ ਵਿੱਚ ਪੰਜਾਬ ਨੇ ਦੂਜਾ ਸਥਾਨ ਹਾਸਿਲ ਕੀਤਾ। ਨੌਰਥ ਜ਼ੋਨ ਦੇ ਇਸ ਮੁਕਾਬਲੇ ਵਿੱਚ ਪੰਜਾਬ ਤੋਂ ਇਲਾਵਾ ਅੱਠ ਹੋਰ ਰਾਜਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ| ਇਹ ਜਾਣਕਾਰੀ ਦਿੰਦਿਆਂ ਡਾਇਰੈਕਟਰ ਐਸ ਸੀ ਈ ਆਰ ਟੀ ਪੰਜਾਬ (ਸਟੇਟ ਕੌਂਸਲ ਆਫ਼ ਐਜਕੇਸ਼ਨਲ ਰੀਸਰਚ ਐਂਡ ਟ੍ਰੇਨਿੰਗ), ਕਿਰਨ ਸ਼ਰਮਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐ ਸੀ ਈ ਆਰ ਟੀ ਪੰਜਾਬ ਨੇ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਨੌਵੀਂ ਤੋਂ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਦੇ ਰੈਡ ਰਿਬਨ ਕੁਇਜ਼ ਮੁਕਾਬਲੇ ਕਰਵਾਏ। ਇਹ ਮੁਕਾਬਲੇ ਪਹਿਲਾਂ ਸਕੂਲ ਪੱਧਰ, ਫਿਰ ਜ਼ਿਲ੍ਹਾ ਪੱਧਰ ਅਤੇ ਫਿਰ ਰਾਜ ਪੱਧਰ ਤੇ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਸੰਗਰੂਰ ਵਿਖੇ ਹੋਏ ਰਾਜ ਪੱਧਰੀ ਮੁਕਾਬਲੇ ਵਿੱਚ ਪੰਜਾਬ ਭਰ ਵਿੱਚੋਂ 22 ਟੀਮਾਂ ਨੇ ਹਿੱਸਾ ਲਿਆ ਜਿਨਾਂ ਵਿੱਚੋਂ ਸਕੂਲ ਆਫ ਐਮਿਨੈਂਸ ਨਵਾਂ ਸ਼ਹਿਰ ਦੀ ਟੀਮ ਅਵੱਲ ਰਹੀ।ਪੰਚਕੂਲਾ ਵਿਖੇ ਕਰਵਾਏ ਗਏ ਨੌਰਥ ਜ਼ੋਨ ਦੇ ਅੰਤਰਰਾਜੀ ਰੈਡ ਰਿਬਨ ਕੁਇਜ਼ ਮੁਕਾਬਲੇ ਵਿੱਚ ਦੂਜਾ ਸਥਾਨ ਹਾਸਲ ਕਰਨ ਵਾਲੀ ਟੀਮ ਵਿੱਚ ਸਕੂਲ ਆਫ ਅਮੀਨੈਂਸ ਨਵਾਂ ਸ਼ਹਿਰ ਦੀ ਗੁਰਲੀਨ ਕੌਰ ਜਮਾਤ ਗਿਆਰਵੀਂ ਅਤੇ ਜੈਸਮੀਨ ਜਮਾਤ ਨੌਵੀਂ ਨੂੰ ਇੱਕ ਟਰੌਫੀ, 40,000 ਰੁਪਏ ਨਕਦ ਅਤੇ ਸਰਟੀਫਿਕੇਟ ਨਾਲ਼ ਸਨਮਾਨਿਤ ਕੀਤਾ ਗਿਆ।ਡਾਇਰੈਕਟਰ ਕਿਰਨ ਸ਼ਰਮਾ ਨੇ ਜੇਤੂ ਵਿਦਿਆਰਥੀਆਂ ਨੂੰ ਸ਼ੁੱਭ ਕਾਮਨਾਵਾਂ ਦਿੰਦੇ ਹੋਏ ਭਵਿੱਖ ਵਿੱਚ ਹੋਰ ਉਚੇਰੇ ਮੁਕਾਮ ਹਾਸਿਲ ਕਰਨ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ