ਅੰਮ੍ਰਿਤਸਰ, 22 ਸਤੰਬਰ (ਹਿੰ. ਸ.)। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉੱਤਰ ਪ੍ਰਦੇਸ਼ ਦੇ ਬ੍ਰਿੰਦਾਵਨ ’ਚ ਗੁਰਦੁਆਰਾ ਗੁਰੂ ਨਾਨਕ ਟਿੱਲਾ ਸਾਹਿਬ ਵਿਖੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤਰਫੋਂ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਮੀਡੀਆ ਹਰਭਜਨ ਸਿੰਘ ਵਕਤਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।
ਇਸ ਮੌਕੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਜੁੜੀ ਸੰਗਤ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ ਅਤੇ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਦੇ ਹਜ਼ੂਰੀ ਰਾਗੀ ਭਾਈ ਗੁਰਮੀਤ ਸਿੰਘ ਦੇ ਜਥੇ ਸਮੇਤ ਬੀਬੀ ਮਨਜੀਤ ਕੌਰ ਦੇ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਨਾਲ ਜੋੜਿਆ।
ਬਲਵਿੰਦਰ ਸਿੰਘ ਕਾਹਲਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ ਸ਼ਹੀਦੀ ਸ਼ਤਾਬਦੀ ਪ੍ਰਤੀ ਚੇਤੰਨਤਾ ਲਈ ਪੂਰੇ ਦੇਸ਼ ਅੰਦਰ ਨਗਰ ਕੀਰਤਨ ਦੇ ਨਾਲ ਨਾਲ ਗੁਰਮਤਿ ਸਮਾਗਮ ਸਜਾਏ ਜਾ ਰਹੇ ਹਨ ਅਤੇ ਇਸ ਦੀ ਨਿਰੰਤਰਤਾ ਬਣੀ ਰਹੇਗੀ। ਇਸ ਮੌਕੇ ਯੂਪੀ ਸਿੱਖ ਮਿਸ਼ਨ ਹਾਪੁੜ ਦੇ ਇੰਚਾਰਜ ਭਾਈ ਬ੍ਰਿਜਪਾਲ ਸਿੰਘ ਨੇ ਸਮਾਗਮ ਵਿਚ ਪੁੱਜੀਆਂ ਸੰਗਤਾਂ ਅਤੇ ਪ੍ਰਬੰਧਕੀ ਤੌਰ ਉੱਤੇ ਸਹਿਯੋਗ ਕਰਨ ਵਾਲੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ।
ਜਿਕਰਯੋਗ ਹੈ ਕਿ ਬ੍ਰਿੰਦਾਵਨ (ਮਥੁਰਾ) ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਨਾਨਕ ਟਿੱਲਾ ਦਾ ਇਤਿਹਾਸ ਸ੍ਰੀ ਗੁਰੂ ਨਾਨਕ ਦੇਵ ਜੀ ਨਾਲ ਜੁੜਦਾ ਹੈ। ਆਪਣੀ ਪਹਿਲੀ ਉਦਾਸੀ ਦੌਰਾਨ ਗੁਰੂ ਨਾਨਕ ਸਾਹਿਬ ਬ੍ਰਿੰਦਾਵਨ ਆਏ ਸਨ ਅਤੇ ਇੱਥੇ ਟਿੱਲੇ ਉੱਤੇ ਟਿਕਾਣਾ ਕੀਤਾ ਸੀ, ਜੋ ਅੱਜ ਗੁਰਦੁਆਰਾ ਗੁਰੂ ਨਾਨਕ ਟਿੱਲਾ ਸਾਹਿਬ ਵਜੋਂ ਸਿੱਖ ਇਤਿਹਾਸ ਦੀ ਜੀਵੰਤ ਯਾਦਗਾਰ ਹੈ।
ਗੁਰੂ ਸਾਹਿਬ ਨੇ ਇਥੇ ਸ਼ਰਧਾਲੂਆਂ ਨੂੰ ਜੀਵਨ ਦੇ ਅਸਲ ਮਨੋਰਥ ਦੀ ਸੋਝੀ ਦਿੱਤੀ ਅਤੇ ਪਰਮਾਤਮਾ ਦਾ ਸਿਮਰਨ ਕਰਕੇ ਸੱਚਾ ਜੀਵਨ ਜਿਉਣ ਦਾ ਉਪਦੇਸ਼ ਦਿੱਤਾ ਸੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ