ਜਲੰਧਰ, 23 ਸਤੰਬਰ (ਹਿੰ. ਸ.)। ਸੁਰਜੀਤ ਹਾਕੀ ਸੁਸਾਇਟੀ, ਜਲੰਧਰ ਦੇ ਸਕੱਤਰ ਜਨਰਲ ਸੁਰਿੰਦਰ ਸਿੰਘ ਭਾਪਾ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਇਕਬਾਲ ਸਿੰਘ ਸੰਧੂ ਨੇ ਸੁਰਜੀਤ ਹਾਕੀ ਸਟੇਡੀਅਮ ਵਿਖੇ ਹਾਕੀ ਪੰਜਾਬ ਦੇ ਪ੍ਰਧਾਨ ਅਤੇ ਆਮ ਆਦਮੀ ਪਾਰਟੀ ਦੇ ਜਲੰਧਰ (ਸੈਂਟਰਲ) ਵਿਧਾਨ ਸਭਾ ਇੰਚਾਰਜ ਨਿਤਿਨ ਕੋਹਲੀ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ 23 ਅਕਤੂਬਰ ਤੋਂ 1 ਨਵੰਬਰ 2025 ਤੱਕ ਬੁਲਰਟਨ ਪਾਰਕ, ਜਲੰਧਰ ਵਿਖੇ ਹੋਣ ਵਾਲੇ 42ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦੀਆਂ ਤਿਆਰੀਆਂ ਬਾਰੇ ਵਿਸਥਾਰ ਨਾਲ ਚਰਚਾ ਹੋਈ। ਨਿਤਿਨ ਕੋਹਲੀ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਸਟੇਡੀਅਮ ਦੀਆਂ ਪੁਰਾਣੀਆਂ ਅਤੇ ਖਰਾਬ ਫਲੱਡ ਲਾਈਟਾਂ ਨੂੰ ਐੱਲ.ਈ.ਡੀ. ਲਾਈਟਾਂ ਨਾਲ ਬਦਲਣ ਦੀ ਸੁਰਜੀਤ ਹਾਕੀ ਸੁਸਾਇਟੀ ਦੀ ਮੰਗ ਪ੍ਰਵਾਨ ਕਰ ਲਈ ਹੈ।
ਉਨ੍ਹਾਂ ਭਰੋਸਾ ਦਿੱਤਾ ਕਿ ਇਹ ਲਾਈਟਾਂ 10 ਅਕਤੂਬਰ 2025 ਤੱਕ ਲੱਗ ਜਾਣਗੀਆਂ। ਨਿਤਿਨ ਕੋਹਲੀ ਨੇ ਸੁਰਜੀਤ ਹਾਕੀ ਸੁਸਾਇਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹ ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਓਲੰਪੀਅਨ ਸੁਰਜੀਤ ਸਿੰਘ ਦੀ ਵਿਰਾਸਤ ਨੂੰ ਜਾਰੀ ਰੱਖਣ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ। ਉਨ੍ਹਾਂ ਨੇ ਸੁਰਜੀਤ ਹਾਕੀ ਅਕੈਡਮੀ ਦੀ ਵੀ ਸਰਾਹਨਾ ਕੀਤੀ, ਜਿੱਥੇ 125 ਤੋਂ ਵੱਧ ਉੱਭਰਦੇ ਖਿਡਾਰੀ ਤਜਰਬੇਕਾਰ ਕੋਚਾਂ ਤੋਂ ਸਿਖਲਾਈ ਲੈ ਰਹੇ ਹਨ। ਉਨ੍ਹਾਂ ਨੇ ਟੂਰਨਾਮੈਂਟ ਦੇ ਸੁਚਾਰੂ ਸੰਚਾਲਨ ਲਈ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਵਾਅਦਾ ਕੀਤਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ