ਭਵਾਨੀਗੜ੍ਹ, 23 ਸਤੰਬਰ (ਹਿੰ. ਸ.)। ਸਥਾਨਕ ਸ਼ਹਿਰ ਦੇ ਖ਼ਜਾਨਾ ਦਫ਼ਤਰ ਵਿਖੇ ਰਾਤ ਦੀ ਡਿਊਟੀ ’ਤੇ ਤਾਇਨਾਤ ਇਕ ਸਹਾਇਕ ਸਬ ਇੰਸਪੈਕਟਰ ਦੀ ਸਰਵਿਸ ਅਸਲੇ ਵਿਚੋਂ ਗੋਲੀ ਲੱਗਣ ਨਾਲ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੂੰ ਸੂਚਨਾ ਮਿਲੀ ਸੀ ਕਿ ਖ਼ਜਾਨਾ ਦਫ਼ਤਰ ਵਿਖੇ ਡਿਊਟੀ ’ਤੇ ਤਾਇਨਾਤ ਸਹਾਇਕ ਸਬ ਇੰਸਪੈਕਟਰ ਪੁਸ਼ਪਿੰਦਰ ਸਿੰਘ ਸ਼ੈਲਾ ਵਾਸੀ ਭਵਾਨੀਗੜ੍ਹ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਪੁਲਿਸ ਨੇ ਮੌਕੇ ’ਤੇ ਜਾਂਚ ਪੜਤਾਲ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਸਹਾਇਕ ਸਬ ਇੰਸਪੈਕਟਰ ਪੁਸ਼ਪਿੰਦਰ ਸਿੰਘ ਸ਼ੈਲਾ, ਜਿਸ ਦਾ ਘਰ ਖ਼ਜ਼ਾਨਾ ਦਫ਼ਤਰ ਦੇ ਨੇੜੇ ਹੀ ਸੀ, ਬੀਤੀ ਰਾਤ ਆਪਣੀ ਡਿਊਟੀ ’ਤੇ ਆਇਆ, ਜਦੋਂ ਸਵੇਰੇ ਘਰ ਨਾ ਗਿਆ ਤਾਂ ਉਸ ਦੀ ਪਤਨੀ ਨੇ ਖ਼ਜਾਨਾ ਦਫ਼ਤਰ ਆ ਕੇ ਪਤਾ ਕੀਤਾ ਤਾਂ ਉਥੇ ਕਮਰਾ ਬੰਦ ਸੀ, ਜੋ ਦਰਵਾਜਾ ਖੜਕਾਉਣ ’ਤੇ ਵੀ ਨਾ ਖੋਲ੍ਹਿਆ ਤਾਂ ਉਸ ਨੇ ਖ਼ਜਾਨਾ ਦਫ਼ਤਰ ਵਿਚ ਇਕ ਹੋਰ ਡਿਊਟੀ ਕਰਦੇ ਮੁਲਾਜ਼ਮ ਨੂੰ ਬੁਲਾ ਕੇ ਜਦੋਂ ਦਫ਼ਤਰ ਦਾ ਕਮਰਾ ਖੋਲ੍ਹਿਆ ਤਾਂ ਸਹਾਇਕ ਸਬ ਇੰਸਪੈਕਟਰ ਪੁਸ਼ਪਿੰਦਰ ਸਿੰਘ ਸ਼ੈਲਾ ਉਥੇ ਮਿ੍ਰਤਕ ਪਿਆ ਸੀ, ਉਸ ਦਾ ਸਰਵਿਸ ਅਸਲਾ, ਜਿਸ ਵਿਚੋਂ ਪੁਲਿਸ ਅਧਿਕਾਰੀ ਦੇ ਦੱਸਣ ਅਨੁਸਾਰ 5 ਫਾਇਰ ਚੱਲੇ ਹੋਏ ਸਨ, ਨੇੜੇ ਹੀ ਪਿਆ ਸੀ। ਉਨ੍ਹਾਂ ਦੱਸਿਆ ਕਿ ਇਸ ਦੀ ਲਾਸ਼ ਦੇ ਨੇੜੇ ਅਸਲਾ ਸਾਫ਼ ਕਰਨ ਵਾਲਾ ਕੱਪੜਾ ਪਿਆ ਸੀ, ਜਿਸ ਤੋਂ ਪੁਲਿਸ ਨੇ ਅੰਦਾਜ਼ਾ ਲਗਾਇਆ ਕਿ ਇਸ ਦੀ ਮੌਤ ਅਸਲਾ ਸਾਫ਼ ਕਰਨ ਸਮੇਂ ਗੋਲੀ ਚੱਲਣ ਨਾਲ ਹੋਈ ਹੈ।ਥਾਣਾ ਮੁਖੀ ਨੇ ਦੱਸਿਆ ਕਿ ਮ੍ਰਿਤਕ ਦੀ ਪਤਨੀ ਦੇ ਬਿਆਨਾਂ ’ਤੇ ਪੁਲਿਸ ਵਲੋਂ ਕਾਰਵਾਈ ਕਰਦਿਆਂ ਲਾਸ਼ ਪੋਸਟ ਮਾਰਟਮ ਕਰਨ ਲਈ ਸੰਗਰੂਰ ਭੇਜ ਦਿੱਤੀ। ਇਹ ਵੀ ਪਤਾ ਲੱਗਿਆ ਹੈ ਕਿ ਮ੍ਰਿਤਕ ਦੇ ਪਿਤਾ ਵੀ ਪੁਲਿਸ ’ਚ ਸਨ, ਜਿਨ੍ਹਾਂ ਦੀ ਡਿਊਟੀ ਦੌਰਾਨ ਮੌਤ ਹੋਣ ’ਤੇ ਉਨ੍ਹਾਂ ਦੀ ਥਾਂ ਇਸ ਨੂੰ ਨੌਕਰੀ ਮਿਲੀ ਸੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ