ਸ੍ਰੀਨਗਰ, 23 ਸਤੰਬਰ (ਹਿੰ.ਸ.)। ਸੀਆਰਪੀਐਫ ਦੇ ਡਾਇਰੈਕਟਰ ਜਨਰਲ ਜੀਪੀ ਸਿੰਘ ਨੇ ਮੰਗਲਵਾਰ ਨੂੰ ਸ਼੍ਰੀਨਗਰ ਦੇ ਇਤਿਹਾਸਕ ਲਾਲ ਚੌਕ ਤੋਂ ਮਹਿਲਾ ਬਾਈਕ ਮੁਹਿੰਮ ਦੇ ਤੀਜੇ ਐਡੀਸ਼ਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਮਹਿਲਾਵਾਂ ਦੀ ਇਹ ਟੀਮ ਸ਼੍ਰੀਨਗਰ ਤੋਂ ਖਰਦੁੰਗ ਲਾ (17,600 ਫੁੱਟ) ਰਾਹੀਂ ਹੁੰਦੀ ਹੋਈ ਪੈਂਗੋਂਗ ਤਸੋ ਤੱਕ ਲਗਭਗ 1,400 ਕਿਲੋਮੀਟਰ ਦੀ ਦੂਰੀ ਤੈਅ ਕਰਕੇ ਵਾਪਸ ਆਵੇਗੀ।
ਬੁਲਾਰੇ ਦੇ ਅਨੁਸਾਰ ਇਹ ਪ੍ਰੋਗਰਾਮ ਸੀਆਰਪੀਐਫ ਵੱਲੋਂ ਆਪਣੀਆਂ ਮਹਿਲਾ ਕਰਮਚਾਰੀਆਂ ਵਿੱਚ ਮਾਣ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਦੀ ਸਰੀਰਕ ਅਤੇ ਮਾਨਸਿਕ ਸਹਿਣਸ਼ੀਲਤਾ ਦੀ ਪਰਖ ਕਰਨ ਲਈ ਸ਼ੁਰੂ ਕੀਤੀਆਂ ਗਈਆਂ ਵਿਸ਼ੇਸ਼ ਮਹਿਲਾ ਬਾਈਕ ਮੁਹਿੰਮਾਂ ਦੀ ਲੜੀ ਦਾ ਹਿੱਸਾ ਹੈ। ਪਹਿਲੀ ਮੁਹਿੰਮ ਮਾਰਚ 2023 ਵਿੱਚ ਦਿੱਲੀ ਤੋਂ ਜਗਦਲਪੁਰ ਤੱਕ ਆਯੋਜਿਤ ਕੀਤੀ ਗਈ ਸੀ। ਦੂਜੀ ਮੁਹਿੰਮ ਸਤੰਬਰ 2023 ਵਿੱਚ ਆਯੋਜਿਤ ਕੀਤੀ ਗਈ ਜਿਸ ਵਿੱਚ ਸ਼੍ਰੀਨਗਰ, ਸ਼ਿਲਾਂਗ ਅਤੇ ਕੰਨਿਆਕੁਮਾਰੀ ਤੋਂ ਕੇਵੜੀਆ ਤੱਕ ਦੇ ਰਸਤੇ ਸ਼ਾਮਲ ਸਨ।
ਹਰੀ ਝੰਡੀ ਦਿਖਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਸੀਆਰਪੀਐਫ ਦੇ ਡਾਇਰੈਕਟਰ ਜਨਰਲ ਨੇ ਮਹਿਲਾ ਕਰਮਚਾਰੀਆਂ ਨੂੰ ਕਸ਼ਮੀਰ ਦੇ ਇਸ ਇਤਿਹਾਸਕ ਸਥਾਨ ਤੋਂ 17,600 ਫੁੱਟ ਦੀ ਉਚਾਈ ਤੱਕ ਮੋਟਰਸਾਈਕਲ ਮੁਹਿੰਮ 'ਤੇ ਜਾਣ ਲਈ ਵਧਾਈ ਦਿੱਤੀ। ਉਨ੍ਹਾਂ ਅੱਗੇ ਕਿਹਾ ਕਿ ਇਸ ਮੁਹਿੰਮ ਵਿੱਚ ਹਿੱਸਾ ਲੈਣ ਵਾਲੀਆਂ 98 ਔਰਤਾਂ ਸ੍ਰੀਨਗਰ ਤੋਂ ਪੈਂਗੋਂਗ ਝੀਲ ਤੱਕ ਜਾਣਗੀਆਂ ਅਤੇ ਉੱਥੋਂ ਵਾਪਸ ਯਾਤਰਾ ਕਰਨਗੀਆਂ। ਇਹ ਮੁਹਿੰਮ 23 ਸਤੰਬਰ ਤੋਂ 1 ਅਕਤੂਬਰ ਤੱਕ ਚੱਲੇਗੀ, ਜਿਸ ’ਚ ਲੱਦਾਖ ਅਤੇ ਕਸ਼ਮੀਰ ਦੇ ਕੁਝ ਸਭ ਤੋਂ ਔਖੇ ਇਲਾਕਿਆਂ ਵਿੱਚੋਂ ਲੰਘਣਾ ਹੋਵੇਗਾ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ