ਫਾਜ਼ਿਲਕਾ, 23 ਸਤੰਬਰ (ਹਿੰ. ਸ.)। ਚੋਣਾਂ ਸਬੰਧੀ ਹਰ ਤਰ੍ਹਾਂ ਦੀ ਸਹੀ, ਸਟੀਕ ਅਤੇ ਸਮੇਂ ਸਿਰ ਜਾਣਕਾਰੀ ਆਮ ਲੋਕਾਂ ਤੱਕ ਪਹੁੰਚੇ, ਇਸ ਲਈ ਮੁੱਖ ਚੋਣ ਦਫ਼ਤਰ ਪੰਜਾਬ ਵੱਲੋਂ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਪੂਰੀ ਤਰ੍ਹਾਂ ਕਾਰਜਸ਼ੀਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਚੋਣ ਤਹਿਸੀਲਦਾਰ ਹਰਬੰਸ ਸਿੰਘ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਲੋਕ ਹੁਣ ਫੇਸਬੁੱਕ, ਇੰਸਟਾਗ੍ਰਾਮ, ਟਵੀਟਰ ਤੇ ਯੂਟਿਊਬ ’ਤੇ ਉਪਲਬਧ ਮੁੱਖ ਚੋਣ ਦਫ਼ਤਰ ਦੇ ਅਧਿਕਾਰਤ ਅਕਾਊਂਟ ਨਾਲ ਜੁੜ ਸਕਦੇ ਹਨ। ਸਿਰਫ਼ ਕਿਊ.ਆਰ ਕੋਡ ਸਕੈਨ ਕਰਕੇ ਇਹ ਅਕਾਊਂਟ ਫਾਲੋਅ ਕੀਤੇ ਜਾ ਸਕਦੇ ਹਨ ਅਤੇ ਚੋਣਾਂ ਸਬੰਧੀ ਮਹੱਤਵਪੂਰਨ ਜਾਣਕਾਰੀ, ਨਵੀਨਤਮ ਅੱਪਡੇਟਾਂ ਅਤੇ ਮੁੱਖ ਚੋਣ ਅਧਿਕਾਰੀ ਦੀਆਂ ਹਦਾਇਤਾਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਆਮ ਲੋਕਾਂ ਨਾਲ ਸਿੱਧਾ ਰਾਬਤਾ ਬਣਾਉਣ ਅਤੇ ਉਨ੍ਹਾਂ ਤੱਕ ਹਰ ਲੋੜੀਂਦੀ ਜਾਣਕਾਰੀ ਪਹੁੰਚਾਉਣ ਲਈ ਸੋਸ਼ਲ ਮੀਡੀਆ ਸਭ ਤੋਂ ਪ੍ਰਭਾਵਸ਼ਾਲੀ ਮਾਧਿਅਮ ਵਜੋਂ ਉਭਰਿਆ ਹੈ। ਇਸੇ ਲਈ ਵੱਧ ਤੋਂ ਵੱਧ ਵੋਟਰਾਂ ਤੱਕ ਪਹੁੰਚ ਬਣਾਉਣ ਲਈ ਮੁੱਖ ਚੋਣ ਦਫ਼ਤਰ ਵੱਲੋਂ ਸੋਸ਼ਲ ਮੀਡੀਆ ਹੈਂਡਲ ਨੂੰ ਕਾਰਜਸ਼ੀਲ ਅਤੇ ਸਰਗਰਮ ਰੱਖਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ