ਤਰਨ ਤਾਰਨ, 23 ਸਤੰਬਰ (ਹਿੰ.ਸ.)। ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜ਼ਿਲ੍ਹਾ ਤਰਨ ਤਾਰਨ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਅਤੇ ਕਮਿਸ਼ਨ ਆਫ ਏਅਰ ਕੁਆਲਟੀ ਮੈਨੇਜ਼ਮੈਂਟ ਨਵੀ ਦਿੱਲੀ ਵੱਲੋਂ ਜਾਰੀ ਹੁਕਮਾਂ ਦੀ ਪਾਲਣਾਂ ਕਰਦੇ ਹੋਏ ਆਈ. ਈ. ਸੀ. ਗਤੀਵਿਧੀਆਂ ਦੇ ਪਲਾਨ ਅਨੁਸਾਰ ਜ਼ਿਲ੍ਹੇ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਲਈ ਜ਼ਿਲ੍ਹੇ ਦੇ ਹਰੇਕ ਪਿੰਡ ਵਿੱਚ ਕਿਸਾਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ 4 ਪ੍ਰਚਾਰ ਵੈਨਾਂ ਜ਼ਿਲ੍ਹੇ ਦੇ 4 ਬਲਾਕਾਂ ਗੰਡੀਵਿੰਡ, ਨੌਸ਼ਹਿਰਾਂ ਪੰਨੂਆਂ, ਤਰਨ ਤਾਰਨ ਅਤੇ ਖਡੂਰ ਸਾਹਿਬ ਵਿੱਚ ਡਿਪਟੀ ਕਮਿਸ਼ਨਰ ਰਾਹੁਲ ਵਲੋਂ ਹਰੀ ਝੰਡੀ ਦੇ ਕੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਚਲਾਈਆ ਗਈਆ, ਜੋ ਕਿ ਇਨ੍ਹਾਂ ਬਲਾਕਾਂ ਦੇ ਹਰੇਕ ਪਿੰਡ ਵਿੱਚ ਜਾ ਕੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕਰਨਗੀਆਂ ਅਤੇ ਇਸ ਤੋਂ ਹੋਣ ਵਾਲੇ ਨੁਕਸਾਨ ਜਿਵੇਂ ਕਿ ਵਾਤਾਵਰਣ ਨੂੰ ਪਲੀਤ ਹੋਣ ਤੋ ਬਚਾਉਣਾ, ਸੜਕੀ ਹਾਦਸਿਆਂ ਤੋਂ ਬਚਾਅ, ਮਿੱਤਰ ਕੀੜਿਆਂ ਦੀ ਸਾਂਭ-ਸੰਭਾਲ ਅਤੇ ਧਰਤੀ ਵਿਚਲੇ ਖੁਰਾਕੀ ਤੱਤਾਂ ਦੀ ਉਪਲੱਬਧਤਾ ਬਾਰੇ ਸੁਚੱਜੀ ਜਾਣਕਾਰੀ ਦੇਣਗੀਆਂ। ਇਨ੍ਹਾਂ ਵੈਨਾਂ ਦੇ ਨਾਲ ਖੇਤੀਬਾੜੀ ਵਿਭਾਗ ਤੋਂ ਇੱਕ ਕਰਮਚਾਰੀ ਵੀ ਵੈਨਾਂ ਦੇ ਨਾਲ ਭੇਜਿਆ ਗਿਆ ਹੈ ਜੋ ਕਿ ਕਿਸਾਨਾਂ ਨੂੰ ਨਿੱਜੀ ਤੌਰ 'ਤੇ ਮਿਲ ਕੇ ਜਾਗਰੂਕ ਕਰਨਗੇ।
ਡਿਪਟੀ ਕਮਿਸਨਰ ਤਰਨਤਾਰਨ ਰਾਹੁਲ ਨੇ ਦੱਸਿਆ ਕਿ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਉਣ ਦਿੱਤੀ ਜਾਵੇਗੀ ਅਤੇ ਕਿਸਾਨਾਂ ਨੂੰ ਇਸ ਸੰਬੰਧੀ ਪ੍ਰੇਰਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਚੱਜੇ ਕਦਮ ਚੁੱਕੇ ਜਾ ਰਹੇ ਹਨ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਵਾਲੇ ਕਿਸਾਨਾਂ ਖਿਲਾਫ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਮੁੱਖ ਖੇਤੀਬਾੜੀ ਅਫਸਰ ਤਰਨਤਾਰਨ ਡਾ. ਤੇਜਬੀਰ ਸਿੰਘ ਭੰਗੂ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਵਾਢੀ ਦੇ ਅਨੁਸਾਰ ਪਹਿਲੇ ਗੇੜ ਵਿੱਚ 4 ਬਲਾਕਾਂ ਵਿੱਚ ਪ੍ਰਚਾਰ ਵੈਨਾਂ ਚਲਾਈਆਂ ਗਈਆਂ ਹਨ ਅਤੇ ਬਾਕੀ ਰਹਿੰਦੇ ਬਲਾਕਾਂ ਵਿੱਚ ਲਗਾਤਾਰਤਾ ਵਿੱਚ ਵੈਨਾਂ ਚਲਾਈਆਂ ਜਾਣਗੀਆਂ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਰਾਜਦੀਪ ਸਿੰਘ ਬਰਾੜ, ਸਹਾਇਕ ਕਮਿਸ਼ਨਰ (ਜਨਰਲ), ਮੁੱਖ ਮੰਤਰੀ ਫੀਲਡ ਅਫਸਰ ਕਰਨਵੀਰ ਸਿੰਘ, ਸਮੂਹ ਬਲਾਕ ਖੇਤੀਬਾੜੀ ਅਫਸਰ ਜ਼ਿਲਾ ਤਰਨਤਾਰਨ, ਪ੍ਰੋਜੈਕਟ ਡਾਇਰੈਕਟਰ ਆਤਮਾ ਵਿਕਰਮ ਸੂਦ, ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ ਸਰਬਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ ਰਮਨਦੀਪ ਸਿੰਘ, ਜੂਨੀਅਰ ਤਕਨੀਸ਼ੀਅਨ ਸੁਖਬੀਰ ਸਿੰਘ ਅਤੇ ਖੇਤੀਬਾੜੀ ਸਟਾਫ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ