ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਪੰਜਾਬ ਦੇ ਰਾਜਪਾਲ, ਹੜ੍ਹ ਰਾਹਤ, ਵਿਕਾਸ ਅਤੇ ਪੰਜਾਬ ਅਤੇ ਚੰਡੀਗੜ੍ਹ ਨਾਲ ਸਬੰਧਤ ਅਹਿਮ ਮੁੱਦਿਆਂ `ਤੇ ਕੀਤੀ ਚਰਚਾ
ਨਵੀਂ ਦਿੱਲੀ, 23 ਸਤੰਬਰ (ਹਿੰ.ਸ.)। ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦੀ ਮੌਜੂਦਾ ਸਥਿਤੀ ਦੇ ਨਾਲ-ਨਾਲ ਖੇਤਰ ਲਈ ਮੁੱਖ ਵਿਕਾਸ ਤਰਜੀਹਾਂ ਤ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਸਮੇਂ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ


ਨਵੀਂ ਦਿੱਲੀ, 23 ਸਤੰਬਰ (ਹਿੰ.ਸ.)। ਪੰਜਾਬ ਦੇ ਰਾਜਪਾਲ ਅਤੇ ਯੂਟੀ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਨਵੀਂ ਦਿੱਲੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਪੰਜਾਬ ਅਤੇ ਚੰਡੀਗੜ੍ਹ ਦੀ ਮੌਜੂਦਾ ਸਥਿਤੀ ਦੇ ਨਾਲ-ਨਾਲ ਖੇਤਰ ਲਈ ਮੁੱਖ ਵਿਕਾਸ ਤਰਜੀਹਾਂ ਤੋਂ ਜਾਣੂ ਕਰਵਾਇਆ।

ਰਾਜਪਾਲ ਨੇ ਪੰਜਾਬ ਵਿੱਚ ਆਏ ਵਿਨਾਸ਼ਕਾਰੀ ਹੜ੍ਹਾਂ ਤੋਂ ਬਾਅਦ ਕੀਤੇ ਜਾ ਰਹੇ ਉਪਾਵਾਂ ਦਾ ਵਿਸਤ੍ਰਿਤ ਵੇਰਵਾ ਪੇਸ਼ ਕੀਤਾ। ਉਨ੍ਹਾਂ ਨੇ ਪ੍ਰਭਾਵਿਤ ਪਰਿਵਾਰਾਂ ਨੂੰ ਸਹਾਇਤਾ ਪ੍ਰਦਾਨ ਕਰਨ, ਜਨਤਕ ਬੁਨਿਆਦੀ ਢਾਂਚੇ ਨੂੰ ਬਹਾਲ ਕਰਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਪ੍ਰਭਾਵੀ ਬਿਮਾਰੀ ਨਿਯੰਤਰਣ ਉਪਾਵਾਂ ਨੂੰ ਯਕੀਨੀ ਬਣਾਉਣ ਲਈ ਰਾਜ ਮਸ਼ੀਨਰੀ ਅਤੇ ਸਵੈ-ਇੱਛਤ ਸੰਗਠਨਾਂ ਦੇ ਤਾਲਮੇਲ ਨਾਲ ਕੀਤੇ ਜਾ ਰਹੇ ਯਤਨਾਂ `ਤੇ ਚਾਨਣਾ ਪਾਇਆ।

ਕਟਾਰੀਆ ਨੇ ਪਾਕਿਸਤਾਨ ਨਾਲ ਲਗਦੀ ਅੰਤਰਰਾਸ਼ਟਰੀ ਸਰਹੱਦ `ਤੇ ਸੁਰੱਖਿਆ ਅਤੇ ਵਿਕਾਸ ਸਬੰਧੀ ਵੀ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੂੰ ਇਨ੍ਹਾਂ ਸੰਵੇਦਨਸ਼ੀਲ ਖੇਤਰਾਂ ਵਿੱਚ ਯੂਨਿਟਾਂ ਸਥਾਪਤ ਕਰਨ ਲਈ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ। ਉਨ੍ਹਾਂ ਨੇ ਐਂਟੀ-ਡਰੋਨ ਸਿਸਟਮ ਅਤੇ ਹਾਈ-ਡੈਫੀਨੇਸ਼ਨ ਕੈਮਰੇ ਲਗਾ ਕੇ ਅੰਤਰਰਾਸ਼ਟਰੀ ਸਰਹੱਦ `ਤੇ ਚੌਕਸੀ ਨੂੰ ਮਜ਼ਬੂਤ ਕਰਨ ਦੀ ਮਹੱਤਤਾ `ਤੇ ਵੀ ਜ਼ੋਰ ਦਿੱਤਾ।

ਸਿੱਖਿਆ ਦੇ ਮੁੱਦੇ `ਤੇ ਰਾਜਪਾਲ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਅਤੇ ਚੰਡੀਗੜ੍ਹ ਵਿੱਚ ਨਵੀਂ ਸਿੱਖਿਆ ਨੀਤੀ ਦੇ ਲਾਗੂ ਕਰਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਉੱਚ ਸਿੱਖਿਆ ਸੰਸਥਾਵਾਂ ਨੂੰ ਨੈਕ ਮਾਨਤਾ ਨਾਲ ਜੋੜ ਕੇ ਉੱਚ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਸੂਬੇ ਵਿੱਚ ਚੱਲ ਰਹੀਆਂ ਨਸ਼ਾ ਜਾਗਰੂਕਤਾ ਮੁਹਿੰਮਾਂ ਦੇ ਵੇਰਵੇ ਵੀ ਸਾਂਝੇ ਕੀਤੇ, ਜਿਨ੍ਹਾਂ ਦਾ ਉਦੇਸ਼ ਨੌਜਵਾਨਾਂ ਨੂੰ ਜਾਗਰੂਕ ਕਰਨਾ ਅਤੇ ਇੱਕ ਸਿਹਤਮੰਦ ਸਮਾਜ ਦੀ ਸਿਰਜਣਾ ਕਰਨਾ ਹੈ।

ਚੰਡੀਗੜ੍ਹ ਦੀ ਗੱਲ ਕਰਦੇ ਹੋਏ ਕਟਾਰੀਆ ਨੇ ਗੁਜਰਾਤ ਇੰਟਰਨੈਸ਼ਨਲ ਫਾਈਨੈਂਸ ਟੈਕ-ਸਿਟੀ (ਗਿਫ਼ਟ ਸਿਟੀ) ਦੀ ਤਰਜ਼ `ਤੇ ਚੰਡੀਗੜ੍ਹ ਚ ਗਿਫ਼ਟ ਸਿਟੀ ਸਥਾਪਤ ਕਰਨ ਦੇ ਵਿਚਾਰ `ਤੇ ਵੀ ਚਰਚਾ ਕੀਤੀ, ਜਿਸਦਾ ਉਦੇਸ਼ ਚੰਡੀਗੜ੍ਹ ਵਿੱਚ ਆਰਥਿਕ ਵਿਕਾਸ ਨੂੰ ਹੁਲਾਰਾ ਦੇਣਾ ਹੈ। ਉਨ੍ਹਾਂ ਨੇ ਨਵੀਂ ਖੇਡ ਨੀਤੀ `ਤੇ ਚਾਨਣਾ ਪਾਇਆ ਜੋ ਚੰਡੀਗੜ੍ਹ ਨੂੰ ਇੱਕ ਪ੍ਰਮੁੱਖ ਖੇਡ ਕੇਂਦਰ ਵਜੋਂ ਨੌਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਟੂਰਨਾਮੈਂਟਾਂ ਦੀ ਮੇਜ਼ਬਾਨੀ ਕਰਨ ਦੇ ਮੌਕੇ ਪ੍ਰਦਾਨ ਕਰਦੀ ਹੈ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਚੰਡੀਗੜ੍ਹ ਦੀ ਨਵੀਂ ਸਟਾਰਟਅੱਪ ਨੀਤੀ ਬਾਰੇ ਵੀ ਜਾਣਕਾਰੀ ਦਿੱਤੀ ਜਿਸਦਾ ਉਦੇਸ਼ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨਾ ਹੈ।

ਇਸ ਮੀਟਿੰਗ ਵਿੱਚ ਕਈ ਹੋਰ ਮੁੱਦਿਆਂ, ਜਿਸ ਵਿੱਚ ਤੁਰੰਤ ਹੜ੍ਹ ਰਾਹਤ ਉਪਾਵਾਂ ਤੋਂ ਲੈ ਕੇ ਲੰਬੇ ਸਮੇਂ ਦੇ ਵਿਕਾਸ ਤੱਕ, ਸੁਰੱਖਿਆ ਤਿਆਰੀ ਤੋਂ ਲੈ ਕੇ ਵਿਦਿਅਕ ਸੁਧਾਰਾਂ ਤੱਕ ਅਤੇ ਸਮਾਜਿਕ-ਸੱਭਿਆਚਾਰਕ ਸੰਵੇਦਨਸ਼ੀਲਤਾਵਾਂ ਤੋਂ ਲੈ ਕੇ ਸਰਹੱਦੀ ਖੇਤਰਾਂ ਵਿੱਚ ਆਰਥਿਕ ਪੁਨਰ ਸੁਰਜੀਤੀ ਤੱਕ ਅਤੇ ਪੰਜਾਬ ਤੇ ਚੰਡੀਗੜ੍ਹ ਦੀ ਤਰੱਕੀ ਲਈ ਇੱਕ ਵਿਆਪਕ ਰੋਡਮੈਪ ਬਾਰੇ ਵੀ ਚਰਚਾ ਕੀਤੀ ਗਈ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande