ਫਾਜਿਲਕਾ 24 ਸਤੰਬਰ (ਹਿੰ. ਸ.)। ਮੁੱਖ ਖੇਤੀਬਾੜੀ ਅਫਸਰ ਰਜਿੰਦਰ ਕੰਬੋਜ ਵਲੋ ਜਿਲੇ ਦੇ ਸਾਰੇ ਕਪਾਹ ਉਤਪਾਦਕ ਕਿਸਾਨਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਕੌਟਨ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ ਵੱਲੋਂ ਇਕ ਮੋਬਾਈਲ ਐਪਲੀਕੇਸ਼ਨ ਕਪਾਸ ਕਿਸਾਨ ਤਿਆਰ ਕੀਤੀ ਗਈ ਹੈ, ਜੋ ਕਿ ਕਪਾਹ ਮੌਸਮ 2025-26 ਲਈ ਘੱਟੋ-ਘੱਟ ਸਮਰਥਨ ਮੁੱਲ ਸਕੀਮ ਹੇਠ ਕਪਾਹ ਦੀ ਵਿਕਰੀ ਲਈ ਆਧਾਰ ਆਧਾਰਤ ਖੁਦ ਰਜਿਸਟਰੇਸ਼ਨ ਦੀ ਸਹੂਲਤ ਪ੍ਰਦਾਨ ਕਰੇਗੀ।ਕਪਾਸ ਕਿਸਾਨ ਐਪ 30 ਅਗਸਤ 2025 ਤੋਂ ਗੂਗਲ ਪਲੇਅ ਸਟੋਰ ਅਤੇ ਐਪਲ ਆਈ.ਓ.ਐੱਸ. ਸਟੋਰ 'ਤੇ ਉਪਲਬਧ ਹੈ। ਰਜਿਸਟਰੇਸ਼ਨ 30 ਸਤੰਬਰ 2025 ਤੱਕ ਖੁੱਲ੍ਹੀ ਰਹੇਗੀ।ਉਹਨਾਂ ਦੱਸਿਆ ਕਿ ਕਿ ਸਾਰੇ ਕਪਾਹ ਕਿਸਾਨ ਆਪਣੀ ਰਜਿਸਟਰੇਸ਼ਨ ਨਿਮਨ ਦਸਤਾਵੇਜ਼ ਜਿਵੇਂ ਜ਼ਮੀਨ ਦਾ ਮਾਲਕੀ ਰਿਕਾਰਡ ਜੋ ਜਾਰੀ ਕਰਨ ਵਾਲੀਆਂ ਅਥਾਰਟੀ ਵੱਲੋਂ ਪੁਸ਼ਟੀਤ ਹੋਣ, ਕਪਾਹ ਦੀ ਫ਼ਸਲ ਹੇਠ ਆਉਣ ਵਾਲੀ ਜ਼ਮੀਨ ਦਾ ਰਿਕਾਰਡ, ਜੋ ਸਥਾਨਕ ਰੈਵੀਨਿਊ /ਖੇਤੀਬਾੜੀ ਵਿਭਾਗ / ਖੇਤੀ ਵਾਧੂ ਵਿਭਾਗ ਅਧਿਕਾਰੀ ਵੱਲੋਂ ਪ੍ਰਮਾਣਿਤ ਹੋਵੇ, ਅਪਡੇਟ ਮੋਬਾਈਲ ਨੰਬਰ ਅਤੇ ਬੈਂਕ ਖਾਤੇ ਨਾਲ ਲਿੰਕ ਹੋਇਆ ਵੈਧ ਆਧਾਰ ਕਾਰਡ ਨਾਲ ਕਰਵਾਓਣ।ਸਾਰੇ ਯੋਗ ਕਪਾਹ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੀ ਓ.ਟੀ.ਪੀ. ਆਧਾਰਤ ਰਜਿਸਟਰੇਸ਼ਨ ਸਮੇਂ ਸਿਰ ਪੂਰੀ ਕਰ ਲੈਣ ਤਾਂ ਜੋ ਉਹ 2025-26 ਦੇ ਆਉਣ ਵਾਲੇ ਮੌਸਮ ਲਈ ਘੱਟੋ ਘੱਟ ਸਮਰਥਨ ਮੁੱਲ ਸਹੂਲਤ ਦਾ ਲਾਭ ਲੈ ਸਕਣ।ਹੋਰ ਜਾਣਕਾਰੀ ਲਈ ਕਿਸਾਨ ਆਪਣੇ ਨਜ਼ਦੀਕੀ ਕਪਾਹ ਖਰੀਦ ਕੇਂਦਰ ਜਾਂ ਮਾਰਕੀਟ ਕਮੇਟੀ ਨਾਲ ਸੰਪਰਕ ਕਰ ਸਕਦੇ ਹਨ।ਇਹ ਸੂਚਨਾ ਕਪਾਹ ਉਤਪਾਦਕ ਕਿਸਾਨਾਂ ਦੇ ਹਿੱਤ ਵਿਚ ਜਾਰੀ ਕੀਤੀ ਜਾਂਦੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ