ਫ਼ਰੀਦਕੋਟ, 24 ਸਤੰਬਰ (ਹਿੰ.ਸ.)। ਹਲਕਾ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਜ਼ਿਲ੍ਹਾ ਪ੍ਰਧਾਨ ਗੁਰਤੇਜ ਖੋਸਾ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ ਵੱਲੋਂ ਸਮੂਹ ਸੰਗਤਾਂ ਤੇ ਸੰਸਥਾਵਾਂ ਨਾਲ ਮਿਲ ਕੇ ਮਾਈ ਗੋਦੜੀ ਸਾਹਿਬ ਤੋਂ ਲੈ ਕਿ ਨਹਿਰ ਦੇ ਪੁਲਾਂ ਤੱਕ ਸਫਾਈ ਕੀਤੀ ਗਈ।
ਸੇਖੋਂ ਨੇ ਦੱਸਿਆ ਕਿ ਬਾਬਾ ਫ਼ਰੀਦ ਆਗਮਨ ਪੁਰਬ ਮੌਕੇ ਟਿੱਲਾ ਬਾਬਾ ਫ਼ਰੀਦ ਤੋਂ ਚਲ ਕੇ ਗੁਰਦੁਆਰਾ ਗੋਦੜੀ ਸਾਹਿਬ ਜਾਂਦੇ ਹੋਏ ਨਗਰ ਕੀਰਤਨ ਕੱਢਿਆ ਗਿਆ ਸੀ ਜੋ ਕਿ ਕੱਲ੍ਹ ਸਮਾਪਤ ਹੋਇਆ ਹੈ, ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਸ਼ਾਮਿਲ ਹੋਈਆਂ ਸਨ, ਉਨ੍ਹਾਂ ਕਿਹਾ ਕਿ ਸੰਗਤਾਂ ਵੱਲੋਂ ਵੱਡੀ ਗਿਣਤੀ ਵਿੱਚ ਲੰਗਰ ਲਗਾਏ ਗਏ ਸਨ, ਇਸ ਸਬੰਧੀ ਸਫਾਈ ਦਾ ਨਾਲੋਂ ਨਾਲ ਧਿਆਨ ਰੱਖਿਆ ਗਿਆ ਸੀ ਪਰ ਫਿਰ ਵੀ ਕੁਝ ਸਫਾਈ ਦੀ ਜ਼ਰੂਰਤ ਸੀ ਜਿਸ ਲਈ ਅੱਜ ਇਹ ਸਫਾਈ ਅਭਿਆਨ ਚਲਾਇਆ ਗਿਆ। ਉਨ੍ਹਾਂ ਦੱਸਿਆ ਕਿ ਸਫ਼ਾਈ ਦੌਰਾਨ ਅਧਾਰ ਕਾਰਡ ਅਤੇ ਕੁਝ ਚਾਬੀਆਂ ਪ੍ਰਾਪਤ ਹੋਈਆਂ ਹਨ, ਜਿਸਨੂੰ ਫੇਸਬੁੱਕ ’ਤੇ ਵੀ ਅਪਲੋਡ ਕਰ ਦਿੱਤਾ ਜਾਵੇਗਾ ਅਤੇ ਅਧਾਰ ਕਾਰਡ ਦਾ ਪੂਰਾ ਪਤਾ ਦੇਖ ਕੇ ਉਸਨੂੰ ਡਾਕ ਰਾਹੀਂ ਵੀ ਸਬੰਧਤ ਤੱਕ ਪਹੁੰਚਾਇਆ ਜਾਵੇਗਾ।
ਉਨ੍ਹਾਂ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਇਸ ਤਰ੍ਹਾਂ ਹੀ ਲੋਕਾਈ ’ਤੇ ਮੇਹਰ ਭਰਿਆ ਹੱਥ ਰੱਖਣ ਅਤੇ ਉਹ ਸਭ ਰਲ-ਮਿਲ ਕੇ ਸੇਵਾ ਕਰਦੇ ਰਹਿਣ। ਇਸ ਮੌਕੇ ਜਗਮੋਹਨ ਲੱਕੀ ਯੂਥ ਪ੍ਰਧਾਨ, ਗੁਰਪ੍ਰੀਤ ਧਾਲੀਵਾਲ ਯੂਥ ਪ੍ਰਧਾਨ, ਐਮ.ਸੀ ਕਮਲਜੀਤ ਸਿੰਘ, ਜਗਜੀਤ ਸਿੰਘ ਜੱਗੀ ਮੀਡੀਆ ਇੰਚਾਰਜ, ਗਗਨਦੀਪ ਸਿੰਘ ਬਲਾਕ ਪ੍ਰਧਾਨ ਸਮੇਤ ਯੂਥ ਵਿੰਗ ਦੇ ਸਮੂਹ ਵਲੰਟੀਅਰ ਆਦਿ ਹਾਜ਼ਰ ਸਨ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ