ਬਟਾਲਾ, 24 ਸਤੰਬਰ (ਹਿੰ .ਸ.)। ਉਪ ਮੰਡਲ ਮੈਜਿਸਟਰੇਟ ਬਟਾਲਾ ਵਿਕਰਮਜੀਤ ਸਿੰਘ ਪਾਂਥੇ ਵੱਲੋਂ ਬਟਾਲਾ, ਸ੍ਰੀ ਹਰਗੋਬਿੰਦਪੁਰ ਸਾਹਿਬ ਅਤੇ ਕਾਦੀਆਂ ਦੇ ਖੇਤੀਬਾੜੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਉਨਾਂ ਦੇ ਵਿਭਾਗ ਪਾਸ ਪਰਾਲੀ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਲਈ ਜਿੰਨੀਆਂ ਵੀ ਮਸ਼ੀਨਾਂ/ਸੰਦ ਮੌਜੂਦ ਹਨ, ਉਨਾਂ ਦੀ ਪਿੰਡ ਵਾਰ ਲਿਸਟ ਤਿਆਰ ਕਰਕੇ ਸਬ ਡਵੀਜ਼ਨ ਬਟਾਲਾ ਦੇ ਸਮੂਹ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਮੁਹਈਆ ਕਰਵਾਈ ਜਾਵੇ ਤਾਂ ਜੋ ਪਰਾਲੀ ਦੀ ਰਹਿੰਦ ਖੂੰਹਦ ਦੀ ਸਾਂਭ ਸੰਭਾਲ ਸਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਜਾ ਸਕੇ। ਐਸ. ਡੀ. ਐਮ. ਨੇ ਇਸ ਤੋਂ ਇਲਾਵਾ ਸਮੂਹ ਸਬ ਡਵੀਜ਼ਨ ਬਟਾਲਾ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਸਬੰਧਿਤ ਖੇਤੀਬਾੜੀ ਵਿਭਾਗ ਤੋਂ ਲਿਸਟਾਂ ਪ੍ਰਾਪਤ ਕਰਕੇ ਹਰ ਇੱਕ ਪਿੰਡ ਦੇ ਗੁਰਦੁਆਰਾ ਸਾਹਿਬ ਬਾਹਰ ਚਸਪਾ ਕੀਤਾ ਜਾਵੇ ਅਤੇ ਇਸ ਸਬੰਧੀ ਪਿੰਡਾਂ ਵਿੱਚ ਮੁਸ਼ਤਰੀ ਮੁਨਾਦੀ ਕਰਵਾਈ ਜਾਵੇ ਅਤੇ ਪਿੰਡਾਂ ਦੇ ਨੰਬਰਦਾਰਾਂ ਸਰਪੰਚਾਂ ਦੇ ਵਟਸਐਪ ਗਰੁੱਪ ਬਣਾ ਕੇ ਉਸ ਗਰੁੱਪ ਵਿੱਚ ਲਿਸਟਾਂ ਅਪਲੋਡ ਕੀਤੀਆਂ ਜਾਣ।ਇਸ ਮੌਕੇ ਉਨ੍ਹਾਂ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਸਗੋਂ ਖੇਤੀਬਾੜੀ ਦੇ ਮਹਿਕਮੇ ਵੱਲੋਂ ਸਬਸਿਡੀ ਤੇ ਦਿੱਤੀ ਗਈਆਂ ਮਸ਼ੀਨਾਂ/ਸੰਦ ਰਾਹੀਂ ਪਰਾਲੀ ਨੂੰ ਖੇਤ ਦੇ ਵਿੱਚ ਹੀ ਰਲਾ ਕੇ ਕਣਕ ਦੀ ਬਿਜਾਈ ਕੀਤੀ ਜਾਵੇ ਤਾਂ ਜੋ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਸਮੂਹਿਕ ਸਹਿਯੋਗ ਨਾਲ ਪਰਾਲੀ ਨੂੰ ਅੱਗ ਲਗਾਉਣ ਦੇ ਰੁਝਾਨ ਨੂੰ ਠੱਲ ਪਾਈ ਜਾਵੇਗੀ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਣ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਰਲ ਕੇ ਹੰਭਲਾ ਮਾਰਿਆ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ