ਫਾਜ਼ਿਲਕਾ 24 ਸਤੰਬਰ (ਹਿੰ. ਸ.)। ਜ਼ਿਲ੍ਹਾ ਵਾਤਾਵਰਨ ਪਲਾਨ ਦੀ ਸਮੀਖਿਆ ਲਈ ਇੱਕ ਜਰੂਰੀ ਬੈਠਕ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਡਾ ਮਨਦੀਪ ਕੌਰ ਦੀ ਅਗਵਾਈ ਹੇਠ ਹੋਈ। ਬੈਠਕ ਦੌਰਾਨ ਉਨਾਂ ਨੇ ਸਥਾਨਕ ਸਰਕਾਰਾਂ ਵਿਭਾਗ ਨੂੰ ਹਦਾਇਤ ਕੀਤੀ ਕਿ ਘਰਾਂ ਤੋਂ ਇਕੱਤਰ ਕੀਤੇ ਜਾਣ ਵਾਲੇ ਕੂੜੇ ਦਾ ਵਰਗੀਕਰਨ ਘਰ ਦੇ ਪੱਧਰ ਤੇ ਹੀ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ। ਉਹਨਾਂ ਨੇ ਕਿਹਾ ਕਿ ਸਵੱਛਤਾ ਗਤੀਵਿਧੀਆਂ ਹੋਰ ਤੇਜ਼ ਕੀਤੀਆਂ ਜਾਣ ਅਤੇ ਪੋਲੀਥੀਨ ਦੇ ਲਿਫਾਫਿਆਂ ਅਤੇ ਚਾਈਨਾ ਡੋਰ ਨੂੰ ਵੀ ਸਖਤੀ ਨਾਲ ਰੋਕਿਆ ਜਾਵੇ। ਇਸ ਦੌਰਾਨ ਉਨਾਂ ਨੇ ਇਹ ਵੀ ਕਿਹਾ ਕਿ ਪਿੰਡਾਂ ਵਿੱਚ ਸੋਲਿਡ ਵੇਸਟ ਪ੍ਰਬੰਧਨ ਲਈ 99 ਯੂਨਿਟ ਬਣਾਏ ਗਏ ਹਨ, ਤਰਲ ਕਚਰੇ ਦੇ ਨਿਪਟਾਰੇ ਲਈ 152 ਯੂਨਿਟ ਬਣਾਏ ਗਏ ਹਨ ਅਤੇ 69 ਥਾਪਰ ਮਾਡਲ ਵਿਕਸਿਤ ਕੀਤੇ ਗਏ ਹਨ। ਉਨ੍ਹਾਂ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਵਾਤਾਵਰਨ ਸੰਭਾਲ ਵਿਚ ਯੋਗਦਾਨ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਵਾਤਾਵਰਨ ਦੀ ਸੰਭਾਲ ਵਿਚ ਹਰੇਕ ਨਾਗਰਿਕ ਨੂੰ ਯੋਗਦਾਨ ਕਰਨਾ ਚਾਹੀਦਾ ਹੈ।
ਇਸ ਮੌਕੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਾਰਜਕਾਰੀ ਇੰਜਨੀਅਰ ਰਵੀ ਪਾਲ ਨੇ ਕਿਹਾ ਕਿ ਜੇਕਰ ਕੋਈ ਹਸਪਤਾਲ ਨਗਰ ਕੌਂਸਲ ਨੂੰ ਦਿੱਤੇ ਜਾਣ ਵਾਲੇ ਕੂੜੇ ਵਿੱਚ ਬਾਇਓ ਮੈਡੀਕਲ ਕਚਰਾ ਸੁੱਕਦਾ ਹੈ ਤਾਂ ਉਸਦੀ ਸੂਚਨਾ ਪ੍ਰਦੁਸ਼ਨ ਕੰਟਰੋਲ ਬੋਰਡ ਨੂੰ ਦਿੱਤੀ ਜਾਵੇ ਤਾਂ ਜੋ ਅਜਿਹੇ ਹਸਪਤਾਲ ਖਿਲਾਫ ਕਾਰਵਾਈ ਕੀਤੀ ਜਾ ਸਕੇ। ਉਹਨਾਂ ਨੇ ਕਿਹਾ ਕਿ ਕਿਸੇ ਵੀ ਛੱਪੜ ਦਾ ਗੰਦਾ ਪਾਣੀ ਬੋਰ ਕਰਕੇ ਧਰਤੀ ਹੇਠ ਨਹੀਂ ਭੇਜਿਆ ਜਾ ਸਕਦਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ