ਅਬੋਹਰ 24 ਸਤੰਬਰ (ਹਿੰ. ਸ.)। ਸਿਹਤ ਵਿਭਾਗ ਵਲੋਂ ਜੱਚਾ ਬੱਚਾ ਟੀਕਾਕਰਨ ਪ੍ਰੋਗਰਾਮ ਨੂੰ ਸਫਲ ਬਣਾਉਣ ਸੰਬੰਧੀ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ ਜਿਸ ਦੇ ਤਹਿਤ ਸਿਹਤ ਕਰਮੀਆਂ ਵਲੋਂ ਲਗਾਤਾਰ ਟੀਕਾਕਰਨ ਕੈੰਪ ਆਯੋਜਿਤ ਕੀਤੇ ਜਾਂਦੇ ਹਨ। ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾਕਟਰ ਰਾਜ ਕੁਮਾਰ ਸਿਵਲ ਸਰਜਨ ਫਾਜ਼ਿਲਕਾ ਦੀ ਉਚੇਚੀ ਨਿਗਰਾਨੀ, ਡਾਕਟਰ ਰੋਹਿਤ ਗੋਇਲ ਸਹਾਇਕ ਸਿਵਲ ਸਰਜਨ ਅਤੇ ਡਾਕਟਰ ਸੁਰੇਸ਼ ਕੰਬੋਜ ਕਾਰਜਕਾਰੀ ਸੀਨੀਅਰ ਮੈਡੀਕਲ ਅਫਸਰ ਸਿਵਲ ਹਸਪਤਾਲ ਅਬੋਹਰ ਦੀ ਦੇਖਰੇਖ ਵਿੱਚ ਸ਼ਹਿਰ ਵਿਖੇ ਵੱਖ-ਵੱਖ ਥਾਵਾਂ ਤੇ ਟੀਕਾਕਰਨ ਕੈੰਪ ਲਗਾਏ ਗਏ।
ਡਾਕਟਰ ਰੋਹਿਤ ਗੋਇਲ ਨੇ ਕਿਹਾ ਕਿ ਗਰਭਵਤੀ ਔਰਤਾਂ ਅਤੇ ਬੱਚਿਆਂ ਦੇ ਟੀਕਾਕਰਨ ਨੂੰ ਯਕੀਨੀ ਬਣਾਉਣ ਲਈ ਇਹ ਕੈੰਪ ਲਗਾਏ ਜਾਂਦੇ ਹਨ। ਸਰਕਾਰੀ ਟੀਕਾਕਰਨ ਸੂਚੀ ਵਿਚ 12 ਮਾਰੂ ਬਿਮਾਰੀਆਂ ਤੋਂ ਬੱਚਿਆਂ ਦੇ ਬਚਾਅ ਲਈ ਜਰੂਰੀ ਟੀਕੇ ਮੌਜੂਦ ਹਨ। ਉਹਨਾਂ ਨੇ ਕਿਹਾ ਕਿ ਸਿਹਤ ਕਰਮੀਆਂ ਦੀ ਮਿਹਨਤ ਸਦਕਾ ਸਰਕਾਰੀ ਟੀਕਾਕਰਨ ਵਿਚ ਲੋਕਾਂ ਦਾ ਭਰੋਸਾ ਵਧਿਆ ਹੈ।
ਡਾਕਟਰ ਸੁਰੇਸ਼ ਕੰਬੋਜ ਨੇ ਦਸਿਆ ਕਿ ਮਮਤਾ ਦਿਵਸ ਦੇ ਮੌਕੇ ਤੇ ਅਬੋਹਰ ਦੇ ਵੱਖ-ਵੱਖ ਏਰੀਆ ਜਿਵੇਂ ਕਿ ਈਦਗਾਹ ਬਸਤੀ, ਨਈ ਆਬਾਦੀ, ਖੁਫੀਆ ਮੋਹੱਲਾ, ਰਾਜੀਵ ਨਗਰ ਅਤੇ ਪੀ.ਪੀ ਯੂਨਿਟ ਵਿਖੇ ਕੈੰਪ ਲਗਾ ਕੇ 0 ਤੋਂ 16 ਸਾਲ ਤੱਕ ਦੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਟੀਕਾਕਰਨ ਕੀਤਾ ਗਿਆ। ਉਹਨਾਂ ਨੇ ਦਸਿਆ ਕਿ ਬੱਚਿਆਂ ਦੇ ਮੁਕੰਮਲ ਟੀਕਾਕਰਨ ਨਾਲ ਉਨ੍ਹਾਂ ਨੂੰ 12 ਮਾਰੂ ਬਿਮਾਰੀਆਂ ਜਿਵੇਂ ਹੈਪੇਟਾਇਟਸ(ਪੀਲੀਆ), ਪੋਲੀਓ, ਤਪਦਿਕ, ਅੰਧਰਾਤਾ, ਗਲਘੋਟੂ, ਕਾਲੀ ਖਾਂਸੀ, ਟੈਟਨਸ, ਨਮੂਨੀਆ, ਦਿਮਾਗੀ ਬੁਖਾਰ, ਦਸਤ, ਖਸਰਾ ਤੇ ਰੁਬੇਲਾ ਆਦਿ ਤੋਂ ਬਚਾਇਆ ਜਾ ਸਕਦਾ ਹੈ।
ਸਿਹਤ ਕਰਮੀਆਂ ਨੇ ਦੱਸਿਆ ਕਿ ਮਮਤਾ ਦਿਵਸ 'ਤੇ ਗਰਭਵਤੀ ਔਰਤਾਂ ਖਾਸ ਤੌਰ ਤੇ ਉੱਚ ਜੋਖ਼ਮ ਗਰਭਵਤੀ ਔਰਤਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਗਰਭਵਤੀ ਔਰਤਾਂ ਨੂੰ ਟੈਟਨਸ ਦੇ ਟੀਕੇ ਅਤੇ ਆਇਰਨ ਫੋਲਿਕ ਟੇਬਲੇਟ ਉਪਲਬਧ ਕਰਵਾਉਣ ਤੋਂ ਇਲਾਵਾ ਉਹਨਾਂ ਦੀ ਜਾਂਚ ਜਿਵੇਂ ਭਾਰ, ਬਲੱਡ ਪ੍ਰੈਸ਼ਰ, ਖੂਨ, ਪਿਸ਼ਾਬ ਦੀ ਜਾਂਚ ਆਦਿ ਵੀ ਕੀਤੇ ਜਾਂਦੇ ਹਨ ਤਾਂ ਜੋ ਮਾਂ ਖੁਦ ਤੰਦਰੁਸਤ ਰਹਿ ਕੇ ਇੱਕ ਤੰਦਰੁਸਤ ਬੱਚੇ ਨੂੰ ਜਨਮ ਦੇ ਸਕੇ।
ਡਿਪਟੀ ਮਾਸ ਮੀਡੀਆ ਅਫਸਰ ਮਨਬੀਰ ਸਿੰਘ ਨੇ ਦਸਿਆ ਕਿ ਇਹਨਾਂ ਕੈਂਪ ਦੌਰਾਨ ਸਿਹਤ ਸਟਾਫ ਵੱਲੋਂ ਲੋਕਾਂ ਨੂੰ ਵੱਖ-ਵੱਖ ਸਿਹਤ ਪ੍ਰੋਗ੍ਰਾਮਾਂ ਜਿਵੇਂ ਜਨਨੀ ਸੁਰੱਖਿਆ ਯੋਜਨਾ, ਜਨਨੀ ਸ਼ਿਸ਼ੂ ਸੁਰੱਖਿਆ ਕਾਰਿਆਕ੍ਰਮ, ਕੇਅਰ ਕੰਪੈਨਿਅਨ ਪ੍ਰੋਗ੍ਰਾਮ, ਰਾਸ਼ਟਰੀ ਬਾਲ ਸੁਰੱਖਿਆ ਕਾਰਿਆਕ੍ਰਮ, ਸਤਨਪਾਨ ਅਤੇ ਪੌਸ਼ਟਿਕ ਖੁਰਾਕ ਦੇ ਮਹੱਤਵ ਆਦਿ ਬਾਰੇ ਵੀ ਜਾਗਰੂਕ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ