ਜਲੰਧਰ , 25 ਸਤੰਬਰ (ਹਿੰ.ਸ.)|
ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ, ਉਦਯੋਗ ਅਤੇ ਕਾਮਰਸ ਵਿਭਾਗ ਵਲੋਂ ਜਾਰੀ ਹਦਾਇਤਾਂ ਅਨੁਸਾਰ ਦਿ ਐਕਸਪਲੋਸਿਵ ਨਿਯਮ-2008 ਅਧੀਨ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਸੀਡਬਲਿਓਪੀ ਨੰਬਰ 23548 ਆਫ਼ 2017 ਵਿੱਚ ਜਾਰੀ ਹੋਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਟਾਖੇ ਵੇਚਣ ਲਈ 20 ਆਰਜ਼ੀ ਲਾਇਸੈਂਸ ਡਰਾਅ ਰਾਹੀਂ ਜਾਰੀ ਕੀਤੇ ਜਾਣੇ ਹਨ। ਉਨ੍ਹਾਂ ਦੱਸਿਆ ਕਿ ਪੁਲਿਸ ਕਮਿਸ਼ਨਰੇਟ ਜਲੰਧਰ ਸ਼ਹਿਰ ਦੇ ਇਲਾਕੇ ਅਧੀਨ ਆਉਂਦੇ ਵਸਨੀਕਾਂ, ਜਿਨ੍ਹਾਂ ਦੀ ਉਮਰ 18 ਸਾਲ ਤੋਂ ਘੱਟ ਨਹੀਂ ਹੈ, ਨੇ ਜਲੰਧਰ ਸ਼ਹਿਰ ਵਿੱਚ ਨਿਰਧਾਰਿਤ ਹੋਣ ਵਾਲੇ ਸਥਾਨ ਵਿਖੇ ਪਟਾਖੇ ਵੇਚਣ ਲਈ ਆਰਜ਼ੀ ਦੁਕਾਨਾਂ ਦੇ ਆਰਜੀ ਲਾਇਸੰਸ ਲੈਣੇ ਹਨ, ਉਹ ਆਪਣਾ ਬਿਨੈ ਫਾਰਮ ਦਫ਼ਤਰ ਦੀ ਅਸਲਾ ਲਾਇਸੈਂਸਿੰਗ ਬ੍ਰਾਂਚ, ਕਮਿਸ਼ਨਰੇਟ ਜਲੰਧਰ ਤੋਂ ਹਾਸਿਲ ਕਰਕੇ ਜਾਂ ਦਫ਼ਤਰ ਕਮਿਸ਼ਨਰ ਪੁਲਿਸ ਜਲੰਧਰ ਦੀ ਵੈਬਸਾਈਟ https://jalandhrcity.punjabpolice.gov.in ਤੋਂ ਡਾਊਨਲੋਡ ਕਰਕੇ 25-09-2025 ਤੋਂ 27-09-2025 ਤੱਕ ਸਵੇਰੇ 9:30 ਤੋਂ ਸ਼ਾਮ 4 ਵਜੇ ਤੱਕ ਜਮ੍ਹਾ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਨਿਰਧਾਰਿਤ ਸਮੇਂ ਤੋਂ ਬਾਅਦ ਆਉਣ ਵਾਲੀ ਅਰਜ਼ੀ ਵਿਚਾਰੀ ਨਹੀਂ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਸਬੰਧੀ ਡਰਾਅ 8 ਅਕਤੂਬਰ 2025 ਨੂੰ ਦੁਪਹਿਰ 12 ਵਜੇ ਰੈਡ ਕਰਾਸ ਭਵਨ, ਜਲੰਧਰ ਵਿਖੇ ਕੱਢਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਮਾਣਯੋਗ ਸੁਪਰੀਮ ਕੋਰਟ ਜਾਂ ਮਾਣਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਵਲੋਂ ਜਾਂ ਸਰਕਾਰ ਵਲੋਂ ਜਾਰੀ ਕੀਤੇ ਹੁਕਮਾਂ ਵਿੱਚ ਕਿਸੇ ਪ੍ਰਕਾਰ ਦੀ ਸੋਧ/ਤਬਦੀਲੀ ਹੁੰਦੀ ਹੈ ਤਾਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ