ਗੁਰਦਾਸਪੁਰ, 25 ਸਤੰਬਰ (ਹਿੰ. ਸ.)। ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਵਿਕਾਸ ਕਾਰਜਾਂ ਨੂੰ ਅੱਗੇ ਵਧਾਉਂਦੇ ਹੋਏ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵੱਲੋਂ ਪਿੰਡ ਫ਼ਤਿਹ ਨੰਗਲ ਤੋਂ ਲੇਹਲ, ਖੁੰਡਾ ਤੋਂ ਸਰਸਪੁਰ ਅਤੇ ਖੁੰਡਾ ਤੋਂ ਡੇਅਰੀਵਾਲ ਰੋਡ ਪਰਦੇਸੀ ਰੁੱਖਾਂ ਤੱਕ ਸੰਪਰਕ ਸੜਕਾਂ ਬਣਾਉਣ ਦੇ ਨੀਂਹ ਪੱਥਰ ਰੱਖੇ ਗਏ।
ਇਸ ਮੌਕੇ ਪਿੰਡ ਖੁੰਡਾ ਵਿਖੇ ਇਲਾਕਾ ਨਿਵਾਸੀਆਂ ਦੇ ਭਰਵੇਂ ਇਕੱਠ ਨੂੰ ਸੰਬੋਧਨ ਹੁੰਦਿਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ 'ਚ ਤਿੰਨ ਮਾਰਕੀਟ ਕਮੇਟੀਆਂ ਕਾਹਨੂੰਵਾਨ, ਕਾਦੀਆਂ ਅਤੇ ਧਾਰੀਵਾਲ ਪੈਂਦੀਆਂ ਹਨ ਅਤੇ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਤਿੰਨਾਂ ਮਾਰਕਿਟ ਕਮੇਟੀਆਂ ਅਧੀਨ ਆਉਂਦੀਆਂ ਪੇਂਡੂ ਸੰਪਰਕ ਸੜਕਾਂ ਦੀ ਮੁਰੰਮਤ ਲਈ 100 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਮਾਰਕੀਟ ਕਮੇਟੀ ਧਾਰੀਵਾਲ ਅਧੀਨ ਸੜਕਾਂ ਦੀ ਮੁਰੰਮਤ ਦੇ ਨੀਂਹ ਪੱਥਰ ਰੱਖੇ ਗਏ ਹਨ ਅਤੇ ਇਨ੍ਹਾਂ ਸੜਕਾਂ ਦੀ ਮੁਰੰਮਤ ਕਰਨ ਦੇ ਨਾਲ ਇਨ੍ਹਾਂ ਨੂੰ ਚੌੜਾ ਵੀ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੜਕਾਂ ਦੀ ਮੁਰੰਮਤ ਦੌਰਾਨ ਇਸ ਦੀ ਗੁਣਵੱਤਾ ਦਾ ਖ਼ਾਸ ਖ਼ਿਆਲ ਰੱਖਿਆ ਜਾ ਰਿਹਾ ਹੈ ਅਤੇ 5 ਸਾਲ ਤੱਕ ਸੜਕ ਦੇ ਰੱਖ-ਰਖਾਅ ਦੀ ਜ਼ਿੰਮੇਵਾਰੀ ਵੀ ਠੇਕੇਦਾਰ ਹੀ ਹੋਵੇਗੀ।
ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਕਾਦੀਆਂ ਨੂੰ ਵਿਕਾਸ ਪੱਖੋਂ ਮੋਹਰੀ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਦੱਸਿਆ ਕਿ ਧਾਰੀਵਾਲ ਸ਼ਹਿਰ ਦੇ ਵਾਟਰ ਸਪਲਾਈ ਤੇ ਸੀਵਰੇਜ ਉੱਪਰ 75 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ। ਇਸੇ ਤਰ੍ਹਾਂ ਹੀ ਕਾਦੀਆਂ ਸ਼ਹਿਰ ਵਿੱਚ ਵੀ ਵਾਟਰ ਸਪਲਾਈ ਤੇ ਸੀਵਰੇਜ ਉੱਪਰ 75 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਹਲਕੇ ਵਿੱਚ ਸਰਕਾਰੀ ਸਕੂਲਾਂ ਉੱਪਰ ਸਿੱਖਿਆ ਕ੍ਰਾਂਤੀ ਤਹਿਤ 60 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਇਸ ਤੋਂ ਇਲਾਵਾ ਹਲਕੇ ਵਿੱਚ 25 ਖੇਡ ਸਟੇਡੀਅਮ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਉੱਪਰ ਕਰੋੜਾਂ ਰੁਪਏ ਖ਼ਰਚ ਕੀਤੇ ਜਾਣਗੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ