ਚੰਡੀਗੜ੍ਹ, 25 ਸਤੰਬਰ (ਹਿੰ. ਸ.)। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਮੁੱਖ ਬੁਲਾਰੇ ਅਤੇ ਸਾਬਕਾ ਚੇਅਰਮੈਨ ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਹੈ ਕਿ ਏਆਈ ਤਕਨੀਕ ਦੇ ਗਲਤ ਇਸਤੇਮਾਲ ਰਾਹੀਂ ਕੁਝ ਸ਼ਰਾਰਤੀ ਅਨਸਰ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਤੇ ਠੇਸ ਪਹੁੰਚਾਉਣ ਦੀ ਸਾਜ਼ਿਸ਼ ਰਚ ਰਹੇ ਹਨ, ਜੋ ਕਿ ਬਹੁਤ ਹੀ ਨਿੰਦਣਯੋਗ ਤੇ ਚਿੰਤਾ ਜਨਕ ਗੱਲ ਹੈ।
ਉਹਨਾਂ ਨੇ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਦੇ ਅਪਰਾਧੀਆਂ ਵਿਰੁੱਧ ਸਰਕਾਰ ਨੂੰ ਤੁਰੰਤ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ, ਤਾਂ ਜੋ ਕਿਸੇ ਵੀ ਧਰਮ ਜਾਂ ਸਮਾਜ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੇ ਅਨਸਰਾਂ ਨੂੰ ਕਦੇ ਵੀ ਹੌਸਲਾ ਨਾ ਮਿਲ ਸਕੇ।
ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਧਾਰਮਿਕ ਅਸਥਾਵਾਂ ਤੇ ਭਾਵਨਾਵਾਂ ਨਾਲ ਖੇਡਣਾ ਕਿਸੇ ਵੀ ਤਰੀਕੇ ਨਾਲ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਏਆਈ ਜਿਹੀ ਤਕਨੀਕ ਮਨੁੱਖੀ ਭਲਾਈ ਅਤੇ ਵਿਕਾਸ ਲਈ ਹੈ, ਪਰ ਜੇ ਇਹਦਾ ਇਸਤੇਮਾਲ ਗਲਤ ਰਾਹੀਂ ਕੀਤਾ ਗਿਆ ਤਾਂ ਇਹ ਸਮਾਜਿਕ ਅਮਨ-ਸ਼ਾਂਤੀ ਲਈ ਵੱਡਾ ਖ਼ਤਰਾ ਬਣ ਸਕਦਾ ਹੈ।
ਉਹਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਤੁਰੰਤ ਸਖ਼ਤ ਨੀਤੀਆਂ ਬਣਾਈਆਂ ਜਾਣ, ਤਾਂ ਜੋ ਆਗਾਮੀ ਸਮੇਂ ਵਿੱਚ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਸਕੇ।
ਬਰਜਿੰਦਰ ਸਿੰਘ ਮੱਖਣ ਬਰਾੜ ਨੇ ਕਿਹਾ ਕਿ ਏਆਈ ਇੱਕ ਅਜਿਹੀ ਆਧੁਨਿਕ ਤਕਨੀਕ ਹੈ ਜਿਸ ਦੇ ਸਹੀ ਵਰਤੋਂ ਨਾਲ ਸਿੱਖਿਆ, ਸਿਹਤ, ਖੇਤੀਬਾੜੀ ਅਤੇ ਰੋਜ਼ਗਾਰ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ ਆ ਸਕਦੇ ਹਨ। ਇਸ ਤਕਨੀਕ ਦੇ ਸਦਕਾ ਲੋਕਾਂ ਨੂੰ ਤੇਜ਼ ਸਹੂਲਤਾਂ ਅਤੇ ਬੇਹਤਰੀਨ ਮੌਕੇ ਮਿਲ ਸਕਦੇ ਹਨ। ਪਰ ਜੇ ਇਸਨੂੰ ਗਲਤ ਤਰੀਕੇ ਨਾਲ ਵਰਤਿਆ ਗਿਆ ਤਾਂ ਇਹ ਲਾਭ ਦੀ ਬਜਾਏ ਵੱਡੇ ਨੁਕਸਾਨ ਦਾ ਕਾਰਨ ਵੀ ਬਣ ਸਕਦੀ ਹੈ।
ਉਹਨਾਂ ਨੇ ਉਦਾਹਰਨ ਦਿੱਤੀ ਕਿ ਅੱਜਕੱਲ੍ਹ ਡੀਪਫੇਕ ਵਿਡੀਓ, ਝੂਠੀ ਜਾਣਕਾਰੀ ਅਤੇ ਧਾਰਮਿਕ ਗ੍ਰੰਥਾਂ ਦੀ ਤਸਵੀਰੀ ਤੋੜਮਾਰ,ਧਾਰਮਿਕ ਸਥਾਨਾਂ ਨਾਲ ਛੇੜਛਾੜ ਕਰਕੇ ਲੋਕਾਂ ਵਿੱਚ ਅਫ਼ਵਾਹਾਂ ਫੈਲਾਈਆਂ ਜਾ ਰਹੀਆਂ ਹਨ। ਅਜਿਹੇ ਰੁਝਾਨ ਨਾ ਸਿਰਫ਼ ਲੋਕਾਂ ਵਿੱਚ ਗਲਤਫਹਮੀਆਂ ਪੈਦਾ ਕਰਦੇ ਹਨ ਬਲਕਿ ਸਮਾਜਕ ਤੇ ਧਾਰਮਿਕ ਏਕਤਾ ਲਈ ਵੀ ਗੰਭੀਰ ਖ਼ਤਰਾ ਬਣ ਸਕਦੇ ਹਨ। ਇਸ ਲਈ ਲਾਜ਼ਮੀ ਹੈ ਕਿ ਟੈਕਨੋਲੋਜੀ ਕੰਪਨੀਆਂ ਅਤੇ ਸਰਕਾਰ ਮਿਲ ਕੇ ਇਹਨਾਂ ਮਾਮਲਿਆਂ ’ਤੇ ਤੁਰੰਤ ਨਿਗਰਾਨੀ ਕਰਨ।
ਉਹਨਾਂ ਨੇ ਅਖੀਰ ਵਿੱਚ ਕਿਹਾ ਕਿ ਲੋਕਾਂ ਨੂੰ ਵੀ ਸਾਵਧਾਨ ਹੋਣ ਦੀ ਲੋੜ ਹੈ ਅਤੇ ਕਿਸੇ ਵੀ ਧਾਰਮਿਕ ਜਾਂ ਸਮਾਜਕ ਮੁੱਦੇ ਨਾਲ ਸਬੰਧਿਤ ਡਿਜ਼ਿਟਲ ਸਮੱਗਰੀ ਨੂੰ ਸ਼ੇਅਰ ਕਰਨ ਤੋਂ ਪਹਿਲਾਂ ਪੂਰੀ ਜਾਂਚ ਕਰਨੀ ਚਾਹੀਦੀ ਹੈ। ਸਮਾਜ ਦੇ ਹਰ ਵਰਗ ਦੀ ਜ਼ਿੰਮੇਵਾਰੀ ਹੈ ਕਿ ਏਆਈ ਨੂੰ ਭਲਾਈ ਦੇ ਸਾਧਨ ਵਜੋਂ ਵਰਤਿਆ ਜਾਵੇ, ਨਾ ਕਿ ਅਮਨ-ਸ਼ਾਂਤੀ ਤੋੜਨ ਵਾਲੇ ਹਥਿਆਰ ਵਜੋਂ|
-
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ