ਜਲੰਧਰ , 26 ਸਤੰਬਰ (ਹਿੰ. ਸ.)|
ਹਾਲ ਹੀ ਵਿੱਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਲੋਕਾਂ ਦੀ ਮਦਦ ਲਈ ਜਲੰਧਰ ਦੇ ਰਹਿਣ ਵਾਲੇ ਸੀਨੀਅਰ ਸਿਟੀਜ਼ਨ ਇੰਦਰਜੀਤ ਸਿੰਘ ਗੁਲਾਟੀ ਨੇ ਅੱਗੇ ਆਉਂਦਿਆਂ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੂੰ 25 ਲੱਖ ਰੁਪਏ ਦਾ ਚੈਕ ਮੁੱਖ ਮੰਤਰੀ ਰੰਗਲਾ ਪੰਜਾਬ ਫੰਡ ਲਈ ਸੌਂਪਿਆ। ਡਿਪਟੀ ਕਮਿਸ਼ਨਰ ਨੇ ਗੁਲਾਟੀ ਦੇ ਇਸ ਹਮਦਰਦੀ ਭਰੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਯੋਗਦਾਨ ਹੜ੍ਹ ਪ੍ਰਭਾਵਿਤ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਕਿਹਾ ਕਿ ਸੰਕਟ ਦੀ ਘੜੀ ਵਿੱਚ ਅਜਿਹੇ ਯੋਗਦਾਨ ਨਾ ਸਿਰਫ਼ ਔਖੇ ਸਮੇਂ ਲੋਕਾਂ ਨੂੰ ਸਹਾਰਾ ਦਿੰਦੇ ਹਨ, ਸਗੋਂ ਸਮਾਜ ਵਿੱਚ ਦਇਆ, ਹਮਦਰਦੀ ਅਤੇ ਸਹਿਯੋਗ ਦੀਆਂ ਨਵੀਆਂ ਮਿਸਾਲਾਂ ਵੀ ਪੈਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਇਸ ਰਾਸ਼ੀ ਨਾਲ ਹੜ੍ਹ ਪੀੜਤਾਂ ਲਈ ਚੱਲ ਰਹੇ ਰਾਹਤ ਕਾਰਜਾਂ ਨੂੰ ਹੋਰ ਮਜ਼ਬੂਤੀ ਮਿਲੇਗੀ।
ਡਾ. ਅਗਰਵਾਲ ਨੇ ਕਿਹਾ ਕਿ ਕੁਦਰਤੀ ਆਫ਼ਤ ਸਮੇਂ ਸਮਾਜ ਦੇ ਵੱਖ-ਵੱਖ ਵਰਗਾਂ ਵੱਲੋਂ ਦਿੱਤਾ ਗਿਆ ਯੋਗਦਾਨ ਬੇਹੱਦ ਕੀਮਤੀ ਹੁੰਦਾ ਹੈ ਅਤੇ ਮੁਸ਼ਕਲ ਸਮੇਂ ਵਿੱਚ ਪੀੜਤਾਂ ਦੀ ਮਦਦ ਕਰਨਾ ਹਰੇਕ ਨਾਗਰਿਕ ਦਾ ਨੈਤਿਕ ਫਰਜ਼ ਹੈ। ਉਨ੍ਹਾਂ ਕਿਹਾ ਕਿ ਗੁਲਾਟੀ ਵੱਲੋਂ ਦਿਖਾਈ ਸੰਵੇਦਨਾ ਨਾਲ ਹੋਰਨਾਂ ਦਾਨੀ ਸੱਜਣਾਂ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਪ੍ਰੇਰਨਾ ਮਿਲੇਗੀ। ਉਨ੍ਹਾਂ ਹੋਰਨਾਂ ਸਮਾਜ ਸੇਵੀਆਂ ਨੂੰ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਉਣ ਦੀ ਅਪੀਲ ਕੀਤੀ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ