ਪੰਜਾਬ ਵਿਧਾਨ ਸਭਾ ’ਚ 'ਆਪ' ਵਿਧਾਇਕਾਂ ਅਤੇ ਮੰਤਰੀਆਂ ਦਾ ਹੰਗਾਮਾ, ਕੇਂਦਰ ਦੇ ਖਿਲਾਫ਼ ਨਾਅਰੇਬਾਜ਼ੀ
ਚੰਡੀਗੜ੍ਹ, 26 ਸਤੰਬਰ (ਹਿੰ.ਸ.)। ਪੰਜਾਬ ਵਿੱਚ ਆਏ ਹੜ੍ਹ ਦੇ ਮੁੱਦੇ ’ਤੇ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸ਼ੁੱਕਰਵਾਰ ਨੂੰ ਉਸ ਸਮੇਂ ਹਾਸੋਹੀਣੀ ਸਥਿਤੀ ਪੈਦਾ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ
ਸਦਨ ਦੇ ਬਾਹਰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ।


ਚੰਡੀਗੜ੍ਹ, 26 ਸਤੰਬਰ (ਹਿੰ.ਸ.)। ਪੰਜਾਬ ਵਿੱਚ ਆਏ ਹੜ੍ਹ ਦੇ ਮੁੱਦੇ ’ਤੇ ਬੁਲਾਏ ਗਏ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਸ਼ੁੱਕਰਵਾਰ ਨੂੰ ਉਸ ਸਮੇਂ ਹਾਸੋਹੀਣੀ ਸਥਿਤੀ ਪੈਦਾ ਹੋ ਗਈ ਜਦੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਮੰਤਰੀ ਆਪਣੀਆਂ ਸੀਟਾਂ ਤੋਂ ਖੜ੍ਹੇ ਹੋ ਗਏ ਅਤੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਨ ਲੱਗ ਪਏ। ਇਹ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਸੀ ਜਦੋਂ ਟ੍ਰੇਜ਼ਰੀ ਬੈਂਚਾਂ ਵੱਲੋਂ ਸਦਨ ਵਿੱਚ ਹੰਗਾਮਾ ਕੀਤਾ ਗਿਆ ਅਤੇ ਇਸ ਕਾਰਨ ਸਪੀਕਰ ਨੂੰ ਸਦਨ ਨੂੰ ਵੀਹ ਮਿੰਟਾਂ ਲਈ ਮੁਲਤਵੀ ਕਰਨਾ ਪਿਆ।

ਇਸ ਵਿਸ਼ੇਸ਼ ਸੈਸ਼ਨ ਦੌਰਾਨ ਨਾ ਤਾਂ ਪ੍ਰਸ਼ਨ ਕਾਲ ਸੀ ਅਤੇ ਨਾ ਹੀ ਜ਼ੀਰੋ ਕਾਲ ਹੋਇਆ। ਸਦਨ ਨੇ ਦਿਨ ਭਰ ਪੰਜਾਬ ਦੇ ਮੁੜ ਵਸੇਬੇ ਦੇ ਮੁੱਦੇ 'ਤੇ ਬਹਿਸ ਕੀਤੀ। ਸਾਰੇ ਵਿਧਾਇਕਾਂ ਨੇ ਹੜ੍ਹਾਂ ਕਾਰਨ ਹੋਈ ਤਬਾਹੀ 'ਤੇ ਆਪਣੇ ਵਿਚਾਰ ਪ੍ਰਗਟ ਕੀਤੇ ਅਤੇ ਪੰਜਾਬ ਨੂੰ ਦੁਬਾਰਾ ਖੜ੍ਹਾ ਕਰਨ ਲਈ ਸੁਝਾਅ ਪੇਸ਼ ਕੀਤੇ।

ਇਸ ਦੌਰਾਨ, ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਵਿੱਚ ਹੰਗਾਮਾ ਸ਼ੁਰੂ ਕਰ ਦਿੱਤਾ। ਆਪ ਵਿਧਾਇਕਾਂ ਦੇ ਹੱਥਾ ’ਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ’ਤੇ ਪ੍ਰਧਾਨ ਮੰਤਰੀ ਵੱਲੋਂ ਹੜ੍ਹ ਰਾਹਤ ਲਈ 1600 ਕਰੋੜ ਰੁਪਏ ਦੇ ਐਲਾਨ ਨੂੰ ਸਿਰਫ਼ ਜੁਮਲਾ ਦੱਸਿਆ ਗਿਆ। 'ਆਪ' ਵਿਧਾਇਕਾਂ ਅਤੇ ਮੰਤਰੀਆਂ ਨੇ ਦੋਸ਼ ਲਗਾਇਆ ਕਿ ਕੇਂਦਰ ਸਰਕਾਰ ਨੇ ਅਜੇ ਤੱਕ ਇਹ ਰਕਮ ਜਾਰੀ ਨਹੀਂ ਕੀਤੀ ਹੈ। 'ਆਪ' ਵਿਧਾਇਕ ਅਤੇ ਮੰਤਰੀ ਨਾਅਰੇਬਾਜ਼ੀ ਕਰਦੇ ਹੋਏ ਸਪੀਕਰ ਵੈੱਲ ’ਚ ਆ ਗਏ।

ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਵਾਰ-ਵਾਰ 'ਆਪ' ਵਿਧਾਇਕਾਂ ਨੂੰ ਆਪਣੀਆਂ ਸੀਟਾਂ 'ਤੇ ਵਾਪਸ ਜਾਣ ਲਈ ਕਿਹਾ, ਪਰ ਉਹ ਨਹੀਂ ਮੰਨੇ। ਹੰਗਾਮੇ ਨੂੰ ਦੇਖ ਕੇ ਸਪੀਕਰ ਨੇ ਸਦਨ ਦੀ ਕਾਰਵਾਈ ਵੀਹ ਮਿੰਟਾਂ ਲਈ ਮੁਲਤਵੀ ਕਰ ਦਿੱਤੀ।

ਸੈਸ਼ਨ ਮੁਲਤਵੀ ਹੋਣ ਤੋਂ ਬਾਅਦ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਸਦਨ ਦੇ ਬਾਹਰ ਕਿਹਾ ਕਿ ਵਿਧਾਨ ਸਭਾ ਵਿੱਚ ਕਾਂਗਰਸ ਪ੍ਰਧਾਨ ਮੰਤਰੀ ਦੇ ਏਜੰਟ ਵਜੋਂ ਕੰਮ ਕਰਕੇ ਭਾਜਪਾ ਦਾ ਪ੍ਰੋਜੈਕਟ ਚਲਾ ਰਹੀ ਹੈ। ਸੈਸ਼ਨ ਤੋਂ ਦੋਵੇਂ ਭਾਜਪਾ ਵਿਧਾਇਕ ਗੈਰਹਾਜ਼ਰ ਸਨ। ਚੀਮਾ ਨੇ ਕਿਹਾ ਕਿ ਜਦੋਂ ਮੈਂ ਸਾਰੇ ਵਿਧਾਇਕਾਂ ਨੂੰ ਭਾਜਪਾ ਦਾ ਕੱਚਾ ਚਿੱਠਾ ਦੱਸਿਆ ਅਤੇ ਕਿਹਾ ਕਿ ਪ੍ਰਧਾਨ ਮੰਤਰੀ ਦੇ 1,600 ਕਰੋੜ ਵੀ ਜੁਮਲਾ ਹੀ ਨਿਕਲੇ ਹਨ, ਕਿਉਂਕਿ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਵੀਹ ਦਿਨ ਬਾਅਦ ਵੀ ਇੱਕ ਵੀ ਰੁਪਿਆ ਨਹੀਂ ਭੇਜਿਆ। ਪਹਿਲਾਂ ਆਏ 240 ਕਰੋੜ ਰੁਪਏ ਬਜਨ ਮਨਜ਼ੂਰ ਰਾਸ਼ੀ ਸੀ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਵਾਰ ਵੀ ਮਜ਼ਾਕ ਕੀਤਾ ਸੀ। ਜਦੋਂ ਉਹ ਪਠਾਨਕੋਟ ਆਏ, ਤਾਂ ਉਹ ਹੜ੍ਹਾਂ ਵਿੱਚ ਚਾਰ ਬੱਚਿਆਂ ਨੂੰ ਗੁਆਉਣ ਵਾਲੇ ਪਰਿਵਾਰ ਨਾਲ ਨਹੀਂ ਮਿਲੇ। ਉਨ੍ਹਾਂ ਦਾ ਕਹਿਣਾ ਸੀ ਕਿ ਪ੍ਰਧਾਨ ਮੰਤਰੀ ਪੰਜਾਬ ਨੂੰ ਨਫ਼ਰਤ ਕਰਦੇ ਹਨ ਅਤੇ ਲੋਕ ਭਵਿੱਖ ਵਿੱਚ ਭਾਜਪਾ ਨੂੰ ਸਬਕ ਸਿਖਾਉਣਗੇ।

ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ


 rajesh pande