ਸਾਹਿਬਜ਼ਾਦਾ ਅਜੀਤ ਸਿੰਘ ਨਗਰ, 26 ਸਤੰਬਰ (ਹਿੰ. ਸ.)। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਗੀਤਿਕਾ ਸਿੰਘ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਮੈਸਰਜ਼ ਈ.ਵੀ.ਐਮ ਕੰਸਲਟੈਂਟਸ, ਫੇਜ਼-10, ਮੋਹਾਲੀ ਦਾ ਲਾਇਸੰਸ ਤੁਰੰਤ ਪ੍ਰਭਾਵ ਤੋਂ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਮੈਸਰਜ਼ ਈ.ਵੀ.ਐਮ ਕੰਸਲਟੈਂਟਸ, ਐਸ.ਸੀ.ਐਫ ਨੰਬਰ 42, ਦੂਜੀ ਮੰਜ਼ਿਲ, ਫੇਜ਼-10, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਅਮਨਦੀਪ ਸਿੰਘ (ਪੁੱਤਰ ਪ੍ਰਕਾਸ਼ ਸਿੰਘ, ਵਾਸੀ ਮਜਾਤ, ਤਹਿਸੀਲ ਖਰੜ) ਨੂੰ ਕੰਸਲਟੈਂਸੀ ਕੰਮ ਲਈ ਲਾਇਸੰਸ ਨੰਬਰ 402/ਆਈ.ਸੀ. ਮਿਤੀ 10.08.2020 ਨੂੰ ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ 09.08.2025 ਨੂੰ ਖਤਮ ਹੋ ਗਈ ਸੀ।
ਉਨ੍ਹਾਂ ਦੱਸਿਆ ਕਿ ਤਹਿਸੀਲਦਾਰ ਖਰੜ ਵੱਲੋਂ 24.06.2025 ਨੂੰ ਦਿੱਤੀ ਤਮੀਲੀ ਰਿਪੋਰਟ ਅਨੁਸਾਰ ਨੋਟਿਸ ਭੇਜੇ ਜਾਣ ਦੇ ਬਾਵਜੂਦ ਵੀ ਲਾਇਸੰਸੀ ਵੱਲੋਂ ਕੋਈ ਜਵਾਬ ਜਾਂ ਸਪੱਸ਼ਟੀਕਰਨ ਪ੍ਰਾਪਤ ਨਹੀਂ ਹੋਇਆ।
ਉਨ੍ਹਾਂ ਕਿਹਾ ਕਿ ਫਰਮ ਵੱਲੋਂ ਐਕਟ/ਰੂਲਜ਼ ਅਤੇ ਅਡਵਾਈਜ਼ਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਤੇ ਇਸ਼ਤਿਹਾਰਾਂ ਦੀ ਸੂਚਨਾ ਨਾ ਭੇਜਣਾ,
ਲਾਇਸੰਸ ਦੀ ਨਵੀਨੀਕਰਨ ਪ੍ਰਕਿਰਿਆ ਨਾ ਕਰਵਾਉਣਾ, ਲਾਇਸੰਸ ਦੀਆਂ ਸ਼ਰਤਾਂ ਦੀ ਪਾਲਣਾ ਨਾ ਕਰਨਾ ਅਤੇ ਨੋਟਿਸ ਦਾ ਜਵਾਬ ਨਾ ਦੇਣਾ, ਇਹ ਸਾਰੇ ਹੀ ਕਾਰਨ, ਉਲੰਘਣਾਵਾਂ ਮੰਨੀਆਂ ਗਈਆਂ ਹਨ।
ਇਸ ਕਾਰਨ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਅਨੁਸਾਰ, ਉਕਤ ਫਰਮ ਦਾ ਲਾਇਸੰਸ ਰੱਦ ਕੀਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਹੋਰ ਦੱਸਿਆ ਕਿ ਭਵਿੱਖ ਵਿੱਚ ਜੇਕਰ ਇਸ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸਦੇ ਡਾਇਰੈਕਟਰ, ਲਾਇਸੰਸੀ ਜਾਂ ਪਾਰਟਨਰ ਖ਼ਿਲਾਫ਼ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਨ੍ਹਾਂ ਨੂੰ ਹੀ ਇਸ ਲਈ ਪੂਰੀ ਤਰ੍ਹਾਂ ਜਿੰਮੇਵਾਰ ਮੰਨਿਆ ਜਾਵੇਗਾ ਅਤੇ ਉਸਦੀ ਭਰਪਾਈ ਕਰਨ ਲਈ ਵੀ ਉਨ੍ਹਾਂ ਨੂੰ ਹੀ ਜਿੰਮੇਵਾਰ ਠਹਿਰਾਇਆ ਜਾਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ