ਫ਼ਾਜ਼ਿਲਕਾ, 26 ਸਤੰਬਰ (ਹਿੰ. ਸ.)। ਸਿਹਤ ਵਿਭਾਗ ਪੰਜਾਬ ਵੱਲੋਂ ਜ਼ਿਲ੍ਹਾ ਫ਼ਾਜ਼ਿਲਕਾ ਵਿਖੇ ਡਾ: ਰੋਹਿਤ ਗੋਇਲ ਨੂੰ ਸਿਵਲ ਸਰਜਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਉਹ ਸਹਾਇਕ ਸਿਵਲ ਸਰਜਨ ਦੀਆਂ ਸੇਵਾਵਾ ਨਿਭਾ ਰਹੇ ਸਨ ਜੋ ਕਿ ਨਾਲ ਨਿਭਾਉਂਦੇ ਰਹਿਣਗੇ|
ਸਿਵਲ ਹਸਪਤਾਲ ਵਿਖ਼ੇ ਬਤੌਰ ਸੀਨੀਅਰ ਮੈਡੀਕਲ ਅਫ਼ਸਰ ਵਜੋਂ ਵੀ ਉਹ ਡਿਊਟੀ ਨਿਭਾ ਚੁੱਕੇ ਹਨ| ਡਾ. ਰੋਹਿਤ ਗੋਇਲ ਦੀ ਤਾਇਨਾਤੀ 'ਤੇ ਸਿਹਤ ਵਿਭਾਗ ਦੇ ਸਮੂਹ ਅਧਿਕਾਰੀਆਂ ਅਤੇ ਸਟਾਫ਼ ਵੱਲੋਂ ਉਨ੍ਹਾਂ ਦਾ ਨਿੱਘਾ ਸੁਆਗਤ ਕੀਤਾ ਗਿਆ। ਪਹਿਲਾ ਸਿਵਲ ਸਰਜਨ ਦਾ ਕਾਰਜਭਾਰ ਸੰਭਾਲ ਰਹੇ ਡਾ ਰਾਜ ਕੁਮਾਰ ਨੇ ਡਾ. ਰੋਹਿਤ ਗੋਇਲ ਨੂੰ ਕੁਰਸੀ ਤੇ ਬਿਠਾਇਆ|
ਡਾ. ਰੋਹਿਤ ਗੋਇਲ ਨੇ ਫ਼ਾਜ਼ਿਲਕਾ ਵਿਖੇ ਆਪਣਾ ਅਹੁਦਾ ਸੰਭਾਲਣ ਮੌਕੇ ਕਿਹਾ ਕਿ ਲੋਕਾਂ ਤੱਕ ਹੋਰ ਤਨਦੇਹੀ ਨਾਲ ਸਿਹਤ ਵਿਭਾਗ ਦੀਆਂ ਸਕੀਮਾਂ ਤੇ ਸਹੂਲਤਾਂ ਪਹੁੰਚਾਉਣ ਲਈ ਪਹਿਲਕਦਮੀਆਂ ਕੀਤੀਆਂ ਜਾਣਗੀਆਂ| ਉਨ੍ਹਾਂ ਸਿਹਤ ਵਿਭਾਗ ਦੇ ਸਟਾਫ ਅਤੇ ਅਧਿਕਾਰੀਆਂ ਨੂੰ ਕਿਹਾ ਕਿ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਅਤੇ ਦਫ਼ਤਰਾਂ ਵਿਚ ਆਉਣ ਵਾਲੇ ਆਮ ਨਾਗਰਿਕਾਂ ਨਾਲ ਚੰਗਾ ਵਿਹਾਰ ਯਕੀਨੀ ਬਣਾਇਆ ਜਾਵੇ ਅਤੇ ਹਰੇਕ ਵਿਅਕਤੀ ਦਾ ਕੰਮ ਪਹਿਲ ਦੇ ਆਧਾਰ 'ਤੇ ਕੀਤਾ ਜਾਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ