ਲੰਡਨ, 26 ਸਤੰਬਰ (ਹਿੰ.ਸ.)। ਸਾਬਕਾ ਆਰਸੇਨਲ ਅਕੈਡਮੀ ਖਿਡਾਰੀ ਬਿਲੀ ਵਿਗਰ ਦਾ ਇੰਗਲੈਂਡ ਦੇ ਨਾਨ-ਲੀਗ ਪ੍ਰੀਮੀਅਰ ਡਿਵੀਜ਼ਨ ਵਿੱਚ ਖੇਡਦੇ ਹੋਏ ਦੇਹਾਂਤ ਹੋ ਗਿਆ ਹੈ। ਉਹ ਸਿਰਫ਼ 21 ਸਾਲ ਦੇ ਸਨ।
ਚੀਚੇਸਟਰ ਸਿਟੀ ਕਲੱਬ ਨੇ ਵੀਰਵਾਰ ਨੂੰ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ। ਇੰਗਲਿਸ਼ ਫੁੱਟਬਾਲ ਐਸੋਸੀਏਸ਼ਨ (ਐਫਏ) ਨੇ ਵੀ ਆਪਣੀ ਡੂੰਘੀ ਸੰਵੇਦਨਾ ਪ੍ਰਗਟ ਕਰਦੇ ਹੋਏ ਕਿਹਾ, ਅਸੀਂ ਬਿਲੀ ਵਿਗਰ ਦੇ ਦੇਹਾਂਤ ਤੋਂ ਬਹੁਤ ਦੁਖੀ ਹਾਂ। ਇਸ ਮੁਸ਼ਕਲ ਸਮੇਂ ਦੌਰਾਨ ਸਾਡੇ ਵਿਚਾਰ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਚੀਚੇਸਟਰ ਸਿਟੀ ਐਫਸੀ ਦੇ ਸਾਰਿਆਂ ਨਾਲ ਹਨ।
ਆਰਸੇਨਲ ਕਲੱਬ ਨੇ ਵੀ ਸੰਵੇਦਨਾ ਪ੍ਰਗਟ ਕਰਦੇ ਹੋਏ ਲਿਖਿਆ, ਸਾਡੇ ਸਾਬਕਾ ਅਕੈਡਮੀ ਖਿਡਾਰੀ ਬਿਲੀ ਵਿਗਰ ਦੇ ਦੇਹਾਂਤ ਦੀ ਖ਼ਬਰ ਬਹੁਤ ਹੈਰਾਨ ਕਰਨ ਵਾਲੀ ਅਤੇ ਦੁਖਦਾਈ ਹੈ।
ਕੌਣ ਸੀ ਬਿਲੀ ਵਿਗਰ ?
ਫਾਰਵਰਡ ਵਿਗਰ 2017 ਵਿੱਚ ਆਰਸੇਨਲ ਦੀ ਅਕੈਡਮੀ ਵਿੱਚ ਸ਼ਾਮਲ ਹੋਏ ਸੀ ਅਤੇ 2022 ਤੱਕ ਪੇਸ਼ੇਵਰ ਇਕਰਾਰਨਾਮੇ 'ਤੇ ਹਸਤਾਖਰ ਕੀਤੇ। ਉਨ੍ਹਾਂ ਨੂੰ ਇੱਕ ਸ਼ਕਤੀਸ਼ਾਲੀ ਅਤੇ ਬਹੁਪੱਖੀ ਫਾਰਵਰਡ ਵਜੋਂ ਦਰਸਾਇਆ ਗਿਆ ਸੀ। ਉਨ੍ਹਾਂ ਨੇ ਡਰਬੀ ਕਾਉਂਟੀ ਲਈ ਲੋਨ 'ਤੇ ਵੀ ਖੇਡਿਆ ਅਤੇ ਹਾਲ ਹੀ ਵਿੱਚ ਚੀਚੇਸਟਰ ਸਿਟੀ ਲਈ ਸਰਗਰਮ ਖਿਡਾਰੀ ਸਨ।
ਕਿਵੇਂ ਹੋਇਆ ਹਾਦਸਾ ?
ਪਿਛਲੇ ਸ਼ਨੀਵਾਰ, ਵਿਗਰ ਵਿੰਗੇਟ ਅਤੇ ਫਿੰਚਲੇ ਐਫਸੀ ਵਿਰੁੱਧ ਖੇਡ ਰਹੇ ਸੀ। ਇਸ ਦੌਰਾਨ ਉਹ ਇੱਕ ਪਾਸੇ ਵਾਲੀ ਕੰਧ ਨਾਲ ਟਕਰਾ ਗਏ, ਜਿਸ ਕਾਰਨ ਉਨ੍ਹਾਂ ਦੇ ਦਿਮਾਗ ਵਿੱਚ ਗੰਭੀਰ ਸੱਟ ਲੱਗ ਗਈ ਅਤੇ ਉਹ ਕੋਮਾ ਵਿੱਚ ਚਲਾ ਗਏ।
ਪਰਿਵਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ਉਨ੍ਹਾਂ ਦੀ ਮੰਗਲਵਾਰ ਨੂੰ ਸਰਜਰੀ ਹੋਈ ਸੀ ਅਤੇ ਕੁਝ ਸੁਧਾਰ ਦੀ ਉਮੀਦ ਸੀ, ਪਰ ਸੱਟ ਇੰਨੀ ਗੰਭੀਰ ਸੀ ਕਿ ਉਨ੍ਹਾਂ ਦਾ ਵੀਰਵਾਰ (25 ਤਰੀਕ) ਸਵੇਰੇ ਦੇਹਾਂਤ ਹੋ ਗਿਆ।
ਸੋਗ ਵਿੱਚ ਫੁੱਟਬਾਲ ਜਗਤ :
ਇਸ ਦੁਖਾਂਤ ਤੋਂ ਬਾਅਦ ਸ਼ਨੀਵਾਰ ਨੂੰ ਲੁਈਸ ਵਿਰੁੱਧ ਚੀਚੇਸਟਰ ਦਾ ਮੈਚ ਮੁਲਤਵੀ ਕਰ ਦਿੱਤਾ ਗਿਆ ਹੈ। ਉੱਥੇ ਹੀ, ਇਸ ਹਫਤੇ ਦੇ ਅੰਤ ਵਿੱਚ ਸਾਰੇ ਮੈਚਾਂ ਤੋਂ ਪਹਿਲਾਂ ਇੱਕ ਮਿੰਟ ਦਾ ਮੌਨ ਰੱਖਿਆ ਜਾਵੇਗਾ, ਅਤੇ ਖਿਡਾਰੀ ਕਾਲੀਆਂ ਬਾਹਾਂ 'ਤੇ ਪੱਟੀ ਬੰਨ੍ਹ ਕੇ ਮੈਦਾਨ ਵਿੱਚ ਉਤਰਨਗੇ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ