ਫਾਜ਼ਿਲਕਾ 26 ਅਗਸਤ (ਹਿੰ. ਸ.)। ਫਾਜ਼ਿਲਕਾ ਹਲਕਾ ਜੋ ਕਿ ਬਾਰਡਰ ਦੇ ਨਾਲ ਵਸਿਆ ਹੋਇਆ ਹੈ ਤੇ ਪਹਿਲਾ ਸਤਲੁਜ ਦਰਿਆ ਦਾ ਪਾਣੀ ਫਿਰੋਜਪੁਰ ਤੋਂ ਪਾਕਿਸਤਾਨ ਨੂੰ ਮਾਰ ਕਰਦਾ ਹੈ ਤੇ ਫਿਰ ਫਾਜ਼ਿਲਕਾ ਦੇ ਪਿੰਡ ਗੁਲਾਬਾ ਭੈਣੀ ਰਾਹੀਂ ਫਾਜ਼ਿਲਕਾ ਪ੍ਰਵੇਸ ਕਰਦਾ ਹੈ, ਜਿਸ ਨਾਲ ਹਲਕਾ ਫਾਜ਼ਿਲਕਾ ਦੇ ਪਿੰਡਾਂ ਨੂੰ ਹੜ੍ਹਾਂ ਦੀ ਮਾਰ ਪੈਂਦੀ ਹੈ ਤੇ ਇਸ ਸਾਲ ਵੀ 56 ਪਿੰਡ ਹੜ੍ਹਾਂ ਦੀ ਮਾਰ ਹੇਠ ਆਏ ਹਨ। ਇਹ ਵਿਚਾਰ ਫਾਜ਼ਿਲਕਾ ਦੇ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਵਿਧਾਨ ਸਭਾ ਸੈਸ਼ਨ ਵਿੱਚ ਰੱਖੇ।ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਹਲਕਾ ਫਾਜ਼ਿਲਕਾ ਦੀ ਇਸ ਸਾਲ 60 ਹਜ਼ਾਰ ਦੀ ਆਬਾਦੀ ਹੜ੍ਹਾਂ ਨਾਲ ਪ੍ਰਭਾਵਿਤ ਹੋਈ ਹੈ। ਉਨ੍ਹਾਂ ਕਿਹਾ ਕਿ 8 ਹਸਪਤਾਲ, 20 ਸਰਕਾਰੀ ਸਕੂਲ, 37 ਸੜਕਾਂ, ਤੇ ਲਗਭਗ 31 ਹਜ਼ਾਰ ਏਕੜ ਫਸਲ ਦਾ ਨੁਕਸਾਨ ਹੋਇਆ ਹੈ। ਇਸ ਤੋਂ ਇਲਾਵਾ ਲੋਕਾਂ ਦੇ ਲਗਭਗ 8 ਹਜ਼ਾਰ ਘਰਾਂ ਦਾ ਨੁਕਸਾਨ ਹੋਇਆ ਹੈ ਜਿਨ੍ਹਾਂ ਵਿਚੋਂ ਕਈ ਘਰ ਡਿੱਗੇ, ਕਿਤੇ ਤਰੇੜ ਆਈ ਕਿਤੇ ਕੰਧ ਡਿੱਗੀ ਤੇ ਕਿਤੇ ਪਖਾਨੇ ਵੀ ਡਿੱਗ ਪਏ। ਉਨ੍ਹਾਂ ਕਿਹਾ ਕਿ ਡੇਢ ਮਹੀਨਾ ਤੋਂ ਤੇਜਾ ਰੁਹੇਲਾ ਤੇ ਚੱਕ ਰੁਹੇਲਾ ਦੇ ਖੇਤਾਂ ਵਿੱਚ ਅੱਜ ਵੀ ਪਾਣੀ ਖੜ੍ਹਾ ਹੈ ਤੇ ਪਾਕਿਸਤਾਨ ਵਾਲਿਓ ਪਾਸਿਓ ਦਰਿਆ ਫਾਜ਼ਿਲਕਾ ਵਾਲੇ ਪਾਸੇ ਟੁੱਟਿਆ ਹੋਇਆ ਹੈ। ਜਿਸ ਨਾਲ ਫਸਲਾਂ ਦਾ ਬਹੁਤ ਨੁਕਸਾਨ ਹੋਇਆ ਹੈ।ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖਰਾਬੇ ਦੀ ਭਰਪਾਈ ;ਵਿੱਚ ਲੱਗੀ ਹੈ ਤੇ ਇਸ ਮੁਸ਼ਕਲ ਵਿੱਚ ਸਾਡੇ ਮੰਤਰੀ ਤੇ ਅਫਸਰ ਸਾਹਿਬਾਨਾਂ ਨੇ ਰਲ ਕੇ ਲੋਕਾਂ ਦੀ ਮਦਦ ਕੀਤੀ। ਲੋਕਾਂ ਦੇ ਖਾਣ ਲਈ ਰਾਸ਼ਨ, ਪਸ਼ੂਆਂ ਲਈ ਫੀਡ ਮੋਟਰ ਬੋਟ ਰਾਹੀਂ ਲੈ ਕੇ ਜਾਂਦੇ ਰਹੇ। ਉਨ੍ਹਾਂ ਕਿਹਾ ਕਿ ਇਸ ਹੜ੍ਹ ਦੀ ਸਥਿਤੀ ਦੌਰਾਨ ਫਾਜ਼ਿਲਕਾ ਦੇ 20ਪਿੰਡਾਂ ਦਾ ਤਾ ਬਿਲਕੁਲ ਹੀ ਸੰਪਰਕ ਟੁੱਟ ਗਿਆ ਸੀ। ਉਨ੍ਹਾਂ ਮੰਤਰੀ ਸਾਹਿਬਾਨਾਂ ਦਾ ਇਸ ਮੁਸਕਲ ਦੀ ਘੜੀ ਵਿੱਚ ਲੋਕਾਂ ਵਿੱਚ ਵਿਚਰ ਕੇ ਰਾਸ਼ਨ ਸਮੱਗਰੀ ਪਹੁੰਚਾਉਣ ਤੇ ਹਾਲ ਜਾਣਨ ਲਈ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸਰਹੱਦ ਤੇ ਕੰਢਿਆਲੀ ਤਾਰ ਤੇ ਜੋ ਰੇਤ ਆਈ ਹੈ ਉਸ ਨੂੰ ਚੱਕਣ ਲਈ ਕੇਂਦਰ ਸਰਕਾਰ ਨੂੰ ਲਿਖਿਆ ਜਾਵੇ।ਉਨ੍ਹਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕਿ ਬੰਨ੍ਹਾਂ ਤੇ ਸੜਕਾਂ ਦੀ ਰਿਪੇਅਰ ਤੇ ਨਵੀਆਂ ਸੜਕਾਂ ਬਣਾਉਣ ਦਾ ਹੁਕਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਤਲੁਜ ਕਰਿਕ ਦੀ ਡੂੰਘਾਈ ਕਰਵਾਈ ਜਾਵੇ ਤੇ ਬੰਨ੍ਹ ਮਜ਼ਬੂਤ ਕੀਤੀ ਜਾਵੇ ਤੇ ਲੋਕਾਂ ਦੀਆਂ ਜ਼ਮੀਨਾਂ ਵਿੱਚ ਵੀ ਜੋ ਖੱਡੇ ਪੈ ਗਏ ਹਨ ਉਨ੍ਹਾਂ ਦੀ ਮਦਦ ਕੀਤੀ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਇਸ ਵਾਰ ਕੱਚੀਆਂ ਜ਼ਮੀਨਾਂ ਦੀ ਵੀ ਗਿਰਦਾਵਰੀ ਕਰਕੇ ਉਨ੍ਹਾਂ ਨੂੰ ਮੁਆਵਜ਼ਾ ਦਿੱਤਾ ਜਾਵੇਗਾ ਜੋ ਕਿ ਬਹੁਤ ਵੱਡਾ ਤੇ ਸਲਾਹੁਣਯੋਗ ਕਾਰਜ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੀ ਇਸ ਮੁਸਕਲ ਵਿੱਚ ਸਾਡਾ ਸਾਥ ਦੇਣ ਨਾ ਕਿ ਮਜਾਕ ਬਣਾਉਣ। ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦਾ ਜੋ ਵੀ ਹੜ੍ਹਾਂ ਦਾ ਮੁਆਵਜ਼ਾ ਬਣਦਾ ਹੈ ਉਹ ਸਾਰਾ ਦੇਵੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ