ਚੰਡੀਗੜ 26 ਸਤੰਬਰ (ਹਿੰ. ਸ.)। ਪੰਜਾਬ ਵਿੱਚ ਕੁਦਰਤੀ ਤਰਾਈਦੀ (ਹੜ ਦੀ ਮਾਰ) ਤੋਂ ਪੀੜਤ ਪਰਿਵਾਰਾਂ ਲਈ ਸ਼੍ਰੋਮਣੀ ਅਕਾਲੀ ਦਲ ਦੀ ਪੂਰੀ ਤਰਾਂ ਡਟ ਕੇ ਮਦਦ ਕਰੇਗਾ। ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਬਕਾਇਦਾ ਪ੍ਰੈਸ ਕਾਨਫਰੰਸ ਕਰਕੇ ਪਾਰਟੀ ਵੱਲੋ ਕੀਤੀ ਜਾਣ ਵਾਲੀ ਮੱਦਦ ਦਾ ਮੀਡੀਆ ਨਾਲ ਬਿਓਰਾ ਸਾਂਝਾ ਕੀਤਾ ਗਿਆ।
ਪਾਰਟੀ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੀਨੀਅਰ ਲੀਡਰਸ਼ਿਪ ਸਰਦਾਰ ਸੁਰਜੀਤ ਸਿੰਘ ਰੱਖੜਾ, ਸਰਦਾਰ ਰਵੀ ਇੰਦਰ ਸਿੰਘ ਨਾਲ ਕੀਤੀ ਸਾਂਝੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪਾਰਟੀ ਵਲੋ ਹੜ੍ਹ ਦੇ ਪਹਿਲੇ ਦਿਨ ਤੋਂ ਹੀ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਪੱਕੇ ਰਾਹਤ ਕੈਂਪ ਜਾਰੀ ਹਨ। ਇਹਨਾਂ ਕੈਂਪਾਂ ਜਰੀਏ ਹੁਣ ਤੱਕ ਹਜ਼ਾਰਾਂ ਪੀੜਤ ਲੋਕਾਂ ਨੂੰ ਸਮੇਂ ਸਮੇਂ ਤੇ ਵੱਖ ਵੱਖ ਮੱਦਦ ਪਹੁੰਚਾਈ ਗਈ ਹੈ। ਪਾਰਟੀ ਵੱਲੋ ਪਿਛਲੇ ਦਿਨੀਂ ਕੀਤੀ ਗਈ ਸਮੀਖਿਆ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਸੀ, ਜਿਸ ਵਿੱਚ ਪਾਣੀ ਸੁੱਕਣ ਤੋਂ ਬਾਅਦ ਪੀੜਤ ਲੋਕਾਂ ਦੀ ਜ਼ਿੰਦਗੀ ਨੂੰ ਲੀਹ ਤੇ ਲਿਆਉਣ ਲਈ ਮੱਦਦ ਕੀਤੀ ਜਾਵੇ।
ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਾਰਟੀ ਵਲੋ ਫੈਸਲਾ ਕੀਤਾ ਗਿਆ ਹੈ ਕਿ 4500 ਲੋੜਵੰਦ ਪਰਿਵਾਰਾਂ ਨੂੰ 10,000 ਰੁਪਏ ਪ੍ਰਤੀ ਪਰਿਵਾਰ ਗੁਜਾਰਾ ਭੱਤਾ ਦਿੱਤਾ ਜਾਵੇਗਾ। ਲਗਭਗ 4.50 ਕਰੋੜ ਰੁਪਏ ਦੀ ਮਦਦ ਨਾਲ 1000 ਗੁਰੂ ਘਰਾਂ ਦੇ ਵਜੀਰਾਂ (ਗ੍ਰੰਥੀ ਸਿੰਘਾਂ) ਨੂੰ ਅਗਲੇ ਛੇ ਮਹੀਨਿਆਂ ਤੱਕ 5000 ਪ੍ਰਤੀ ਮਹੀਨਾ ਗੁਜਾਰਾ ਭੱਤਾ
ਦਿੱਤਾ ਜਾਵੇਗਾ। ਉਹਨਾਂ ਅੱਗੇ ਦੱਸਿਆ ਕਿ 30 ਸਤੰਬਰ ਨੂੰ ਫਾਜਿਲਕਾ ਤੋਂ ਬਕਾਇਦਾ ਸੁਰੂਆਤ ਕੀਤੀ ਜਾਵੇਗੀ। ਉਨਾਂ ਅੱਗੇ ਕਿਹਾ ਕਿ ਪਾਰਟੀ ਲੀਡਰਸ਼ਿਪ ਦੀਆਂ ਜਿਲੇ ਵਾਈਜ ਲਿਸਟਾਂ ਤਿਆਰ ਕਰਨ ਲਈ ਡਿਉਟੀਆਂ ਲੱਗੀਆਂ ਹਨ ਤਾਂ ਕਿ ਹਰ ਚੀਜ ਲੋੜਵੰਦਾਂ ਤੱਕ ਪਹੁੰਚ ਸਕੇ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ