ਬਠਿੰਡਾ, 27 ਸਤੰਬਰ (ਹਿੰ. ਸ.)। ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਜ਼ਿਲ੍ਹੇ ‘ਚ 12 ਤੋਂ 14 ਅਕਤੂਬਰ ਤੱਕ ਸਪੈਸ਼ਲ ਨੈਸ਼ਨਲ ਪਲਸ ਪੋਲੀਓ ਰਾਊਂਡ ਚਲਾਇਆ ਜਾ ਰਿਹਾ ਹੈ, ਜਿਸ ਤਹਿਤ 0 ਤੋਂ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ ਜਾਣਗੀਆਂ। ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਟੀਕਾਕਰਣ ਅਫਸਰ ਡਾ. ਮੀਨਾਕਸ਼ੀ ਸਿੰਗਲਾ ਨੇ ਦੱਸਿਆ ਕਿ ਪੋਲਿਓ ਵੈਕਸੀਨ ਬਾਰੇ ਸਰਕਾਰੀ ਪ੍ਰਾਇਮਰੀ ਸਕੂਲ ਪ੍ਰਤਾਪ ਨਗਰ ਵਿਖੇ ਬੱਚਿਆਂ, ਅਧਿਆਪਕਾਂ ਅਤੇ ਮਾਪਿਆਂ ਨੂੰ ਜਾਗਰੂਕ ਕੀਤਾ ਗਿਆ। ਇਸ ਸੈਸ਼ਨ ਦੀ ਸ਼ੁਰੂਆਤ ਹਰਜਿੰਦਰ ਕੌਰ ਬੀ.ਈ.ਈ. ਵੱਲੋਂ ਕੀਤੀ ਗਈ। ਜ਼ਿਲ੍ਹਾ ਟੀਕਾਕਰਣ ਡਾ. ਮੀਨਾਕਸ਼ੀ ਸਿੰਗਲਾ ਨੇ ਸੰਦੇਸ਼ ਦਿੱਤਾ ਕਿ “ਸਿਰਫ ਸਰਕਾਰ ਦੀਆਂ ਕੋਸ਼ਿਸ਼ਾਂ ਹੀ ਨਹੀਂ, ਸਗੋਂ ਮਾਪਿਆਂ ਦਾ ਸਹਿਯੋਗ ਵੀ ਬਹੁਤ ਜ਼ਰੂਰੀ ਹੈ। ਹਰ ਮਾਪੇ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੇ ਪੰਜ ਸਾਲ ਉਮਰ ਦੇ ਬੱਚੇ ਨੂੰ ਪੋਲਿਓ ਦੀਆਂ ਦੋ ਬੂੰਦਾਂ ਜ਼ਰੂਰ ਪਿਲਾਉਣ, ਕਿਉਂਕਿ ਇਹ ਬੂੰਦਾਂ ਹੀ ਉਸ ਦੀ ਜ਼ਿੰਦਗੀ ਨੂੰ ਪੋਲਿਓ ਤੋਂ ਸੁਰੱਖਿਅਤ ਬਣਾਉਂਦੀਆਂ ਹਨ। ਉਨ੍ਹਾਂ ਸਮੂਹ ਮੀਡੀਆ ਅਤੇ ਸਵੈ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਲੋਕਾਂ ਤੱਕ ਇਹ ਸੰਦੇਸ਼ ਪਹੁੰਚਾਉਣ ਤਾਂ ਜੋ ਕੋਈ ਵੀ 0 ਸਾਲ ਤੋਂ 5 ਸਾਲ ਤੱਕ ਦਾ ਬੱਚਾ ਪੋਲੀਓ ਦੀਆਂ ਬੂੰਦਾਂ ਤੋਂ ਵਾਂਝਾ ਨਾ ਰਹਿ ਜਾਵੇ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੋਲੀਓ ਬੂੰਦਾਂ ਪਿਲਾਉਣ ਸਮੇਂ ਸਹਿਯੋਗ ਦੇਣ ਅਤੇ ਆਪਣੇ 5 ਸਾਲ ਤੱਕ ਦੇ ਹਰੇਕ ਬੱਚੇ ਨੂੰ ਪੋਲੀਓ ਬੂੰਦਾਂ ਜਰੂਰ ਪਿਲਾਉਣ, ਭਾਵੇਂ ਬੱਚਾ ਬਿਮਾਰ ਹੋਵੇ, ਪਹਿਲਾ ਬੂੰਦਾਂ ਪੀ ਚੁੱਕਾ ਹੋਵੇ ਜਾਂ ਨਵਜੰਮਿਆ ਹੋਵੇ। ਇਸ ਮੌਕੇ ਲੋਕ ਕਲਾਂ ਮੰਚ ਚਮਕੋਰ ਸਿੰਘ ਦੀ ਟੀਮ ਵੱਲੋਂ ਪੋਲਿਓ ਵੈਕਸੀਨ ਅਤੇ ਐਚ.ਆਈ.ਵੀ. ਸੰਬੰਧੀ ਜਾਗਰੂਕਤਾ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਰਾਹੀਂ ਲੋਕਾਂ ਨੂੰ ਸਿਹਤ ਸੰਦੇਸ਼ ਦਿੱਤੇ ਗਏ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ