ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਸਤੰਬਰ (ਹਿੰ. ਸ.)। ਚੇਅਰਮੈਨ ਗੋਬਿੰਦਰ ਮਿੱਤਲ ਨੇ ਇੱਥੇ ਦੱਸਿਆ ਕਿ ਮਾਰਕੀਟ ਕਮੇਟੀ ਮੋਹਾਲੀ ਵੱਲੋਂ ਚਲਾਈਆਂ ਜਾ ਰਹੀਆਂ ਮੰਡੀਆਂ ਦੀ ਚੈਕਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਕਈ ਸਬਜ਼ੀ ਵਿਕਰੇਤਾ ਆਪਣੇ ਕੰਡੇ-ਵੱਟੇ ਨਾਪ ਤੋਲ ਵਿਭਾਗ ਪਾਸੋਂ ਵੈਰੀਫਾਈ ਨਹੀਂ ਕਰਵਾ ਰਹੇ। ਇਸ ਸੰਬੰਧੀ ਖਪਤਕਾਰਾਂ ਵੱਲੋਂ ਵੀ ਘੱਟ ਤੋਲਣ ਅਤੇ ਗਲਤ ਕੰਡੇ-ਵੱਟੇ ਵਰਤਣ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਹਨ, ਜਿਸਦਾ ਗੰਭੀਰ ਨੋਟਿਸ ਲਿਆ ਗਿਆ ਹੈ। ਉਨ੍ਹਾਂ ਅਪਣੀਆਂ ਮੰਡੀਆਂ ਸਮੂਹ ਸਬਜ਼ੀ ਵਿਕਰੇਤਾਵਾਂ ਅਤੇ ਮੰਡੀਆਂ ਦੇ ਪ੍ਰਚੂਨ ਸਬਜ਼ੀ ਵਿਕਰੇਤਾਵਾਂ ਨੂੰ ਹਦਾਇਤ ਕੀਤੀ ਹੈ ਕਿ 15 ਦਿਨਾਂ ਦੇ ਅੰਦਰ-ਅੰਦਰ ਆਪਣੇ ਵਰਤੇ ਜਾਣ ਵਾਲੇ ਕੰਡੇ-ਵੱਟੇ ਨਾਪ ਤੋਲ ਵਿਭਾਗ ਪਾਸੋਂ ਵੈਰੀਫਾਈ ਕਰਵਾਉਣ। ਉਨ੍ਹਾਂ। ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿੱਚ ਅਤੇ ਨਿਰਧਾਰਿਤ ਸਮੇਂ ਤੋਂ ਬਾਅਦ ਜੇ ਕਿਸੇ ਵਿਕਰੇਤਾ ਦੇ ਕੰਡੇ-ਵੱਟੇ ਪਾਸ ਨਾ ਹੋਣ ਦੀ ਸ਼ਿਕਾਇਤ ਮਿਲਦੀ ਹੈ ਜਾਂ ਚੈਕਿੰਗ ਦੌਰਾਨ ਅਜਿਹਾ ਕੇਸ ਪਾਇਆ ਜਾਂਦਾ ਹੈ ਤਾਂ ਉਸ ਉੱਤੇ 500 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਵਾਰ-ਵਾਰ ਉਲੰਘਣਾ ਕਰਨ ਵਾਲਿਆਂ ਉੱਤੇ ਦੋ ਵਾਰੀ ਤੱਕ 500-500 (ਕੁੱਲ 1000) ਰੁਪਏ ਜੁਰਮਾਨਾ ਹੋ ਸਕਦਾ ਹੈ। ਇਸ ਤੋਂ ਬਾਅਦ ਵੀ ਉਲੰਘਣਾ ਕਰਨ ਤੇ ਉਸ ਵਿਕਰੇਤਾ ਨੂੰ ਮੰਡੀ ਵਿੱਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ