ਸਾਹਿਬਜ਼ਾਦਾ ਅਜੀਤ ਸਿੰਘ ਨਗਰ, 27 ਸਤੰਬਰ (ਹਿੰ. ਸ.)। ਸੀਨੀਅਰ ਕਪਤਾਨ ਪੁਲਿਸ ਹਰਮਨਦੀਪ ਸਿੰਘ ਹਾਂਸ ਅਤੇ ਕਪਤਾਨ ਪੁਲਿਸ ਟ੍ਰੈਫਿਕ, ਨਵਨੀਤ ਸਿੰਘ ਮਾਹਲ ਦੇ ਦਿਸ਼ਾ-ਨਿਰਦੇਸ਼ਾਂ ਹੇਠ, ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਵਿੰਗ ਵੱਲੋਂ ਨਸ਼ਿਆਂ ਖ਼ਿਲਾਫ਼ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਜਾਗਰੂਕਤਾ ਮੁਹਿੰਮ ਤਹਿਤ ਐੱਨ.ਐੱਸ.ਐੱਸ. ਯੂਨਿਟ, ਖਾਲਸਾ ਕਾਲਜ (ਅੰਮ੍ਰਿਤਸਰ) ਆਫ ਟੈਕਨਾਲੋਜੀ ਅਤੇ ਬਿਜ਼ਨਸ ਸਟਡੀਜ਼, ਮੋਹਾਲੀ ਵਿਖੇ ਉਪ ਕਪਤਾਨ ਪੁਲਿਸ (ਟ੍ਰੈਫਿਕ) ਕਰਨੈਲ ਸਿੰਘ ਵੱਲੋਂ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਸੈਮੀਨਾਰ ਦੌਰਾਨ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨੁਕਸਾਨ, ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਖੇਡਾਂ ਵੱਲ ਰੁਝਾਨ ਬਾਰੇ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੂੰ ਡਰਾਈਵਿੰਗ ਦੌਰਾਨ ਲੇਨ ਵਿੱਚ ਰਹਿਣਾ, ਵਾਹਨ ਚਲਾਉਂਦੇ ਸਮੇਂ ਮੋਬਾਈਲ ਦੀ ਵਰਤੋਂ ਨਾ ਕਰਨਾ ਅਤੇ ਲੇਨ ਬਦਲਦੇ ਸਮੇਂ ਇੰਡੀਕੇਟਰ ਵਰਤਣ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ।ਕਾਨੂੰਨੀ ਪ੍ਰਾਵਧਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਮੋਟਰ ਵਾਹਨ ਐਕਟ ਅਨੁਸਾਰ ਮੋਬਾਈਲ ਵਰਤ ਕੇ ਗੱਡੀ ਚਲਾਉਣ ਦੀ ਸਜ਼ਾ ਪਹਿਲੀ ਵਾਰ 5,000 ਰੁਪਏ ਜੁਰਮਾਨਾ ਹੈ, ਜਦਕਿ ਦੁਬਾਰਾ ਅਜਿਹਾ ਕਰਨ ‘ਤੇ 10,000 ਰੁਪਏ ਜੁਰਮਾਨਾ, ਛੇ ਮਹੀਨੇ ਕੈਦ ਅਤੇ ਲਾਇਸੈਂਸ ਤਿੰਨ ਮਹੀਨੇ ਲਈ ਰੱਦ ਹੋ ਸਕਦਾ ਹੈ। ਇਸੇ ਤਰ੍ਹਾਂ, ਓਵਰਸਪੀਡਿੰਗ ‘ਤੇ ਪਹਿਲੀ ਵਾਰ 2,000 ਰੁਪਏ ਅਤੇ ਦੂਜੀ ਵਾਰ 4,000 ਰੁਪਏ ਜੁਰਮਾਨਾ ਦੇ ਨਾਲ ਲਾਇਸੈਂਸ ਤਿੰਨ ਮਹੀਨੇ ਲਈ ਸਸਪੈਂਡ ਕੀਤਾ ਜਾਵੇਗਾ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਵਿੰਗ ਦਾ ਧੰਨਵਾਦ ਕੀਤਾ ਗਿਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ