ਗੁਰਦਾਸਪੁਰ, 27 ਸਤੰਬਰ (ਹਿੰ. ਸ.)। ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਇੰਸਟੀਟਿਊਸ਼ਨਲ ਇਨੋਵੇਸ਼ਨ ਕੌਂਸਲ ਅਤੇ ਇੰਟਰਨਲ ਕੁਆਲਿਟੀ ਐਸਇਓਰੈਂਸ ਸੈੱਲ ਵੱਲੋਂ ਇਕ ਦਿਨ ਦਾ ਇੰਟਰਪਿਨਓਰਮੈਂਟ ਡਿਵੈਲਪਮੈਂਟ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਸਾਬਕਾ ਸਕੱਤਰ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਵਾਈਸ ਚਾਂਸਲਰ, ਮੌਜੂਦਾ ਪੰਜਾਬ ਦੇ ਰਾਜਪਾਲ ਦੇ ਉੱਚ ਸਿੱਖਿਆ ਸਲਾਹਕਾਰ ਅਤੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਕੀਤੀ। ਪ੍ਰੋਫੈਸਰ ਜਸਪਾਲ ਸਿੰਘ ਸੰਧੂ ਨੇ ਸਰਕਾਰੀ ਕਾਲਜ ਗੁਰਦਾਸਪੁਰ ਦੇ ਪ੍ਰਿੰਸੀਪਲ ਪ੍ਰੋ. ਅਸ਼ਵਨੀ ਭੱਲਾ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਦੀ ਕ੍ਰੀਏਟਿਵ ਸੋਚ ਅਤੇ ਨਵੀਂ ਸੋਚ ਨੂੰ ਉਭਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਸ ਮੌਕੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਡੀਨ ਡਾ. ਸੌਰਭ ਲਖਨਪਾਲ ਨੇ ਸਟਾਰਟ ਅੱਪ ਈਕੋਸਿਸਟਮ ਵਿਸ਼ੇ ’ਤੇ ਵਿਦਿਆਰਥੀਆਂ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਨਵੇਂ ਸਟਾਰਟ ਅੱਪ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਸਹਾਇਕ ਡੀਨ ਐੱਲ.ਪੀ.ਯੂ. ਮਨਦੀਪ ਸਿੰਘ ਨੇ ਪ੍ਰੋਟੋਟਾਈਪਿੰਗ ਬਾਰੇ ਜਾਣਕਾਰੀ ਦਿੱਤੀ ਅਤੇ ਰਾਜਵੀਰ ਕਲਸੀ ਸਟਾਰਟ ਅੱਪ ਇੰਡੀਆ ਸਕੀਮ ਬਾਰੇ ਵਿਸਥਾਰ ਨਾਲ ਦੱਸਿਆ।ਪ੍ਰੋਗਰਾਮ ਦੌਰਾਨ ਵਿਦਿਆਰਥੀਆਂ ਨੂੰ ਸਟਾਰਟ ਅੱਪ ਇੰਡੀਆ, ਸਟੈਂਡ ਅੱਪ ਇੰਡੀਆ, ਐੱਮ. ਐੱਸ. ਐੱਮ. ਈ. ਇਨੋਵੇਸ਼ਨ ਸਕੀਮ ਅਤੇ ਪੰਜਾਬ ਸਟਾਰਟਅੱਪ ਮਿਸ਼ਨ ਵਰਗੀਆਂ ਯੋਜਨਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ। ਪ੍ਰਿੰਸੀਪਲ ਪ੍ਰੋ. ਅਸ਼ਵਨੀ ਭੱਲਾ ਨੇ ਕਿਹਾ ਕਿ ਉਦਯੋਗਪਤੀ ਸਿਰਫ਼ ਰੋਜ਼ਗਾਰ ਦਾ ਸਾਧਨ ਨਹੀਂ, ਸਗੋਂ ਦੇਸ਼ ਦੀ ਆਰਥਿਕਤਾ ਅਤੇ ਸਮਾਜਕ ਵਿਕਾਸ ਲਈ ਇੱਕ ਨਵੀਂ ਦਿਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਕਾਲਜ ਗੁਰਦਾਸਪੁਰ ਹਮੇਸ਼ਾਂ ਵਿਦਿਆਰਥੀਆਂ ਨੂੰ ਨਵੀਂ ਸੋਚ ਅਤੇ ਉਦਯੋਗੀ ਮਨੋਬਿਰਤੀ ਵਿਕਸਤ ਕਰਨ ਲਈ ਉਤਸ਼ਾਹਿਤ ਕਰਦਾ ਰਹੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ