ਚੰਡੀਗੜ੍ਹ, 27 ਸਤੰਬਰ (ਹਿੰ. ਸ.)। ਪੈਨਸਲਿਨ ਦੀ ਖੋਜ ਦੀ 97ਵੀਂ ਵਰ੍ਹੇਗੰਢ ਮੌਕੇ, ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਐਂਟੀਮਾਈਕਰੋਬੀਅਲ ਪ੍ਰਤੀਰੋਧਤਾ (ਏਐਮਆਰ) ਦੇ ਵਧ ਰਹੇ ਖ਼ਤਰੇ ਨਾਲ ਨਜਿੱਠਣ ਲਈ ਐਂਟੀਮਾਈਕ੍ਰੋਬਾਇਲ ਸਟੀਵਰਡਸ਼ਿਪ (ਏਐਮਐਸ) ਪਹੁੰਚ ਅਪਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ।
ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਨੇ 15 ਸਤੰਬਰ, 2025 ਨੂੰ ਐਂਟੀਮਾਈਕਰੋਬੀਅਲ ਪ੍ਰਤੀਰੋਧਤਾ (ਪੰਜਾਬ-ਐਸਏਪੀਸੀਏਆਰ) ਦੀ ਰੋਕਥਾਮ ਲਈ ਸਮਰਪਿਤ ਸਟੇਟ ਐਕਸ਼ਨ ਪਲਾਨ ਦੀ ਸ਼ੁਰੂਆਤ ਕੀਤੀ, ਜਿਸ ਨਾਲ ਪੰਜਾਬ ਐਂਟੀਬਾਇਓਟਿਕਸ ਦੀ ਬੇਲੋੜੀ ਵਰਤੋਂ ਜੋ ਕਿ ਇੱਕ ਅਹਿਮ ਵਿਸ਼ਵਵਿਆਪੀ ਸਿਹਤ ਚੁਣੌਤੀ ਹੈ, ਨੂੰ ਰੋਕਣ ਲਈ ਇੱਕ ਸਮਰਪਿਤ ਨੀਤੀ ਅਪਣਾਉਣ ਵਾਲਾ ਭਾਰਤ ਦਾ ਸੱਤਵਾਂ ਅਤੇ ਖੇਤਰ ਦਾ ਮੋਹਰੀ ਸੂਬਾ ਬਣ ਗਿਆ।
ਡਾ. ਬਲਬੀਰ ਸਿੰਘ ਨੇ ਕਿਹਾ, 97 ਸਾਲ ਪਹਿਲਾਂ ਪੈਨਸਲਿਨ ਦੀ ਖੋਜ ਨੇ ਆਧੁਨਿਕ ਮੈਡੀਸਨ ਦੇ ਖੇਤਰ ਵਿੱਚ ਕ੍ਰਾਂਤੀ ਲਿਆ ਦਿੱਤੀ। ਇਸ ਨਾਲ ਐਂਟੀਬਾਇਓਟਿਕਸ, ਐਂਟੀਵਾਇਰਲ ਅਤੇ ਐਂਟੀ-ਫੰਗਲ - ਜਿਨ੍ਹਾਂ ਨੂੰ ਸਮੂਹਿਕ ਤੌਰ 'ਤੇ ਐਂਟੀਮਾਈਕਰੋਬੀਅਲ ਕਿਹਾ ਜਾਂਦਾ ਹੈ - ਦਾ ਰਾਹ ਪੱਧਰਾ ਹੋ ਗਿਆ ਅਤੇ ਇਸ ਨਾਲ ਅੰਗ ਟ੍ਰਾਂਸਪਲਾਂਟ ਵਰਗੀਆਂ ਗੁੰਝਲਦਾਰ ਸਰਜਰੀਆਂ ਨੂੰ ਸੰਭਵ ਬਣਾਇਆ ਜਾ ਸਕਿਆ ਹੈ। ਫਿਰ ਵੀ, ਇੱਕ ਸਦੀ ਤੋਂ ਵੀ ਘੱਟ ਸਮੇਂ ਵਿੱਚ, ਮਾਈਕ੍ਰੋਬਸ ਮਨੁੱਖਾਂ ਨਾਲੋਂ ਸਮਝਦਾਰ ਹੋ ਗਏ ਹਨ ਅਤੇ ਸਾਡੇ ਪ੍ਰਮੁੱਖ ਸੰਸਥਾਨ ਪੀਜੀਆਈ ਚੰਡੀਗੜ੍ਹ ਵੱਲੋਂ ਕੀਤੇ ਅਧਿਐਨ ਮੁਤਾਬਕ ਇਹਨਾਂ ਵਿੱਚ ਮਿਸਾਲੀ ਦਰ ਨਾਲ ਪ੍ਰਤੀਰੋਧ ਸਮਰੱਥਾ ਵਿਕਸਤ ਹੋ ਰਹੀ ਹੈ। ਇਹ ਏਐਮਆਰ ਹੁਣ ਡਾਕਟਰੀ ਵਿਗਿਆਨ ਦੀਆਂ ਸਭ ਤੋਂ ਵੱਡੀਆਂ ਚੁਣੌਤੀਆਂ ਵਿੱਚੋਂ ਇੱਕ ਹੈ।
ਮੰਤਰੀ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੌਜੂਦਾ ਰੁਝਾਨ ਜਾਰੀ ਰਿਹਾ, ਤਾਂ ਪਿਛਲੀ ਸਦੀ ਦੀਆਂ ਬਹੁਤ ਸਾਰੀਆਂ ਮੈਡੀਕਲ ਪ੍ਰਗਤੀਆਂ ਬੇਕਾਰ ਹੋ ਸਕਦੀਆਂ ਹਨ। ਉਨ੍ਹਾਂ ਕਿਹਾ, ਅਸੀਂ ਅਸਰਦਾਰ ਐਂਟੀਬਾਇਓਟਿਕ ਦਵਾਈ ਨੂੰ ਉਸ ਤੋਂ ਵੱਧ ਗਤੀ ਨਾਲ ਗੁਆ ਰਹੇ ਹਾਂ, ਜਿਸ ਗਤੀ ਨਾਲ ਨਵੀਆਂ ਐਂਟੀਬਾਇਓਟਿਕ ਦਵਾਈਆਂ ਇਜ਼ਾਦ ਹੋ ਰਹੀਆਂ ਹਨ। ਇਸਦਾ ਅਰਥ ਹੈ ਕਿ ਸਸਤੀਆਂ ਤੇ ਮੁੱਢਲੀਆਂ ਦਵਾਈਆਂ ਅਸਫਲ ਹੋ ਰਹੀਆਂ ਹਨ, ਜਿਸ ਕਾਰਨ ਡਾਕਟਰਾਂ ਨੂੰ ਆਮ ਲਾਗਾਂ ਲਈ ਵੀ ਮਹਿੰਗੇ ਵਿਕਲਪਾਂ ਦੀ ਵਰਤੋਂ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਦੱਸਣਯੋਗ ਹੈ ਕਿ ਪੰਜਾਬ-ਐਸਏਪੀਸੀਏਆਰ ਨੇ ਭਾਈਵਾਲ ਫੋਰਟਿਸ ਹਸਪਤਾਲ ਮੋਹਾਲੀ ਵੱਲੋਂ ਪ੍ਰਸਤਾਵਿਤ 'ਰੀਵਰਸ' (ਆਰ.ਆਈ.ਵੀ.ਈ.ਆਰ.ਐਸ) ਪਹੁੰਚ - ਏਐਮਆਰ ਨਾਲ ਵਿਆਪਕ ਤੌਰ 'ਤੇ ਨਜਿੱਠਣ ਲਈ ਤਿਆਰ ਕੀਤਾ ਇੱਕ ਛੇ-ਰਣਨੀਤਕ-ਪ੍ਰਾਥਮਿਕਤਾ ਵਾਲਾ ਢਾਂਚਾ - ਪੇਸ਼ ਕੀਤੀ ਹੈ। 'ਆਰ.ਆਈ.ਵੀ.ਈ.ਆਰ.ਐਸ' ਵਿੱਚ ਹਰੇਕ ਅੱਖਰ ਦਖਲ ਦੇ ਇੱਕ ਮੁੱਖ ਖੇਤਰ ਨੂੰ ਦਰਸਾਉਂਦਾ ਹੈ, ਜਿਸਦਾ ਉਦੇਸ਼ ਸਮੂਹਿਕ ਤੌਰ 'ਤੇ ਨਿਗਰਾਨੀ ਨੂੰ ਮਜ਼ਬੂਤ ਕਰਨਾ, ਐਂਟੀਬਾਇਓਟਿਕਸ ਦੀ ਤਰਕਸੰਗਤ ਵਰਤੋਂ ਨੂੰ ਉਤਸ਼ਾਹਿਤ ਕਰਨਾ, ਅੰਤਰ-ਖੇਤਰੀ ਤਾਲਮੇਲ ਵਧਾਉਣਾ ਅਤੇ ਜਨਤਕ ਜਾਗਰੂਕਤਾ ਵਧਾਉਣਾ ਹੈ।
ਡਾ. ਸਿੰਘ ਨੇ ਆਸ ਪ੍ਰਗਟਾਈ ਕਿ 28 ਸਤੰਬਰ, 2028 ਨੂੰ ਪੈਨਸਲਿਨ ਦੀ ਖੋਜ ਦੀ 100ਵੀਂ ਵਰ੍ਹੇਗੰਢ ਤੱਕ, ਪੰਜਾਬ ਸਮੂਹਿਕ ਯਤਨਾਂ ਰਾਹੀਂ ਏਐਮਆਰ ਨੂੰ ਕਾਬੂ ਕਰ ਲਵੇਗਾ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ