ਜੇਦਾਹ, 27 ਸਤੰਬਰ (ਹਿੰ.ਸ.)। ਸਾਊਦੀ ਪ੍ਰੋ ਲੀਗ ਦੇ ਸਿਖਰ ਮੁਕਾਬਲੇ ਵਿੱਚ ਅਲ ਨਾਸਰ ਨੇ ਸ਼ਨੀਵਾਰ ਨੂੰ ਮੌਜੂਦਾ ਚੈਂਪੀਅਨ ਅਲ ਇਤਿਹਾਦ ਨੂੰ 2-0 ਨਾਲ ਹਰਾਇਆ। ਟੀਮ ਦੇ ਲਈ ਕ੍ਰਿਸਟੀਆਨੋ ਰੋਨਾਲਡੋ ਅਤੇ ਸਾਦੀਓ ਮਾਨੇ ਨੇ ਗੋਲ ਕੀਤੇ। ਇਸ ਜਿੱਤ ਦੇ ਨਾਲ, ਅਲ ਨਾਸਰ ਚਾਰ ਮੈਚਾਂ ਵਿੱਚ 12 ਅੰਕਾਂ ਨਾਲ ਟੇਬਲ ਵਿੱਚ ਆਪਣਾ ਸਿਖਰਲਾ ਸਥਾਨ ਬਰਕਰਾਰ ਰੱਖਿਆ ਹੈ, ਜਦੋਂ ਕਿ ਅਲ ਇਤਿਹਾਦ ਨੌਂ ਅੰਕਾਂ ਨਾਲ ਦੂਜੇ ਸਥਾਨ 'ਤੇ ਹੈ।
ਕਿੰਗ ਅਬਦੁੱਲਾ ਸਪੋਰਟਸ ਸਿਟੀ ਸਟੇਡੀਅਮ ਵਿੱਚ ਘਰੇਲੂ ਦਰਸ਼ਕਾਂ ਦੇ ਪ੍ਰਭਾਵਸ਼ਾਲੀ ਟਿਫੋ ਅਤੇ ਗਰਜਦੇ ਨਾਅਰਿਆਂ ਦੇ ਬਾਵਜੂਦ, ਅਲ ਇਤਿਹਾਦ ਸ਼ੁਰੂਆਤ ਤੋਂ ਹੀ ਦਬਾਅ ਵਿੱਚ ਦਿਖਾਈ ਦਿੱਤਾ। ਅਲ ਨਾਸਰ ਨੇ ਮੈਚ ਦੀ ਪਹਿਲੀ ਸੀਟੀ ਤੋਂ ਹੀ ਖੇਡ 'ਤੇ ਹਾਵੀ ਹੋਣਾ ਸ਼ੁਰੂ ਕਰ ਦਿੱਤਾ। 9ਵੇਂ ਮਿੰਟ ਵਿੱਚ, ਕਿੰਗਸਲੇ ਕੋਮਾਨ ਨੇ ਸੱਜੇ ਵਿੰਗ ਤੋਂ ਸ਼ਾਨਦਾਰ ਕਰਾਸ ਦਿੱਤਾ। ਗੇਂਦ ਨਾਲ ਦੌੜਦੇ ਹੋਏ ਮਾਨੇ ਨੇ ਬੈਕ ਪੋਸਟ 'ਤੇ ਸ਼ਾਨਦਾਰ ਵਾਲੀ ਨਾਲ ਅਲ ਨਾਸਰ ਨੂੰ 1-0 ਦੀ ਬੜ੍ਹਤ ਦਿਵਾਈ।ਰੋਨਾਲਡੋ 14ਵੇਂ ਮਿੰਟ ਵਿੱਚ ਕੋਮਨ ਦੇ ਕ੍ਰਾਸ ’ਤੇ ਹੈਡਰ ਨਾਲ ਗੋਲ ਕਰਨ ਤੋਂ ਖੁੰਝ ਗਏ, ਪਰ ਉਨ੍ਹਾਂ ਨੇ 35ਵੇਂ ਮਿੰਟ ਵਿੱਚ ਇਸਦੀ ਭਰਪਾਈ ਕੀਤੀ। ਇਸ ਵਾਰ, ਮਾਨੇ ਨੇ ਕ੍ਰਾਸ ਦਿੱਤਾ, ਅਤੇ ਰੋਨਾਲਡੋ ਨੇ ਪਾਸ ਨੂੰ ਸਟੀਕ ਹੈਡਰ ਨਾਲ ਗੋਲ ’ਚ ਬਦਲ ਕੇ ਸਕੋਰ 2-0 ਕਰ ਦਿੱਤਾ।
ਕਰੀਮ ਬੇਂਜ਼ੇਮਾ ਨੇ ਗੇਂਦ ਨੂੰ ਸਟੀਵਨ ਬਰਗੇਵਿਨ ਨੂੰ ਕਈ ਵਾਰ ਪਾਸ ਕੀਤਾ, ਪਰ ਉਹ ਮੌਕਿਆਂ ਦਾ ਫਾਇਦਾ ਉਠਾਉਣ ਵਿੱਚ ਅਸਫਲ ਰਹੇ। ਅਲ ਨਾਸਰ ਨੇ ਦੂਜੇ ਹਾਫ ਵਿੱਚ ਰਫ਼ਤਾਰ ਹੌਲੀ ਕੀਤੀ ਪਰ ਹਮਲਾ ਜਾਰੀ ਰੱਖਿਆ। ਜੋਓ ਫੇਲਿਕਸ ਕੋਲ ਗੋਲ ਕਰਨ ਦੇ ਕਈ ਮੌਕੇ ਸਨ, ਪਰ ਅਸਫਲ ਰਹੇ। 39ਵੇਂ ਮਿੰਟ ਵਿੱਚ, ਮਾਨੇ ਦੇ ਕ੍ਰਾਸ ਤੋਂ ਉਨ੍ਹਾਂ ਦਾ ਸ਼ਾਟ ਬਾਰ ਦੇ ਉੱਪਰ ਚਲਾ ਗਿਆ।58ਵੇਂ ਮਿੰਟ ਵਿੱਚ, ਨਵਾਫ ਬੌਸ਼ਾਲ ਨੇ ਰੋਨਾਲਡੋ ਨੂੰ ਖਾਲੀ ਗੋਲ ’ਤੇ ਪਾਸ ਦਿੱਤਾ, ਪਰ ਪੁਰਤਗਾਲੀ ਸਟਾਰ ਗੇਂਦ ਨੂੰ ਬਾਰ ਦੇ ਉੱਪਰੋਂ ਮਾਰ ਬੈਠੇ। ਇਹ ਮੈਚ ਦਾ ਸਭ ਤੋਂ ਆਸਾਨ ਅਤੇ ਸਭ ਤੋਂ ਵੱਡਾ ਮੌਕਾ ਸੀ। ਇਸ ਦੇ ਬਾਵਜੂਦ, ਅਲ ਨਾਸਰ ਨੇ ਆਪਣੀ ਦੋ ਗੋਲਾਂ ਦੀ ਬੜ੍ਹਤ ਬਣਾਈ ਰੱਖੀ ਅਤੇ ਜਿੱਤ ਪੱਕੀ ਕੀਤੀ। ਅਲ ਇਤਿਹਾਦ ਦੀ ਘਰੇਲੂ ਮੈਦਾਨ 'ਤੇ 19 ਮੈਚਾਂ ਦੀ ਅਜੇਤੂ ਲੜੀ ਵੀ ਇਸ ਹਾਰ ਨਾਲ ਖਤਮ ਹੋ ਗਈ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ