ਜਲੰਧਰ , 27 ਸਤੰਬਰ (ਹਿੰ. ਸ.)| ਸ਼ੇਖੇ ਪਿੰਡ ਵਿਖੇ ਬਣ ਰਹੇ ਮਾਡਲ ਮੁੜ ਵਸੇਬਾ ਕੇਂਦਰ ਦਾ ਕੰਮ ਮੁਕੰਮਲ ਹੋ ਗਿਆ ਹੈ ਅਤੇ ਜਲਦੀ ਹੀ ਇਸਦਾ ਉਦਘਟਨ ਕੀਤਾ ਜਾਵੇਗਾ। ਇਸ ਸਬੰਧੀ ਜਾਣਕਾਰੀ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਅੱਜ ਮੁੜ ਵਸੇਬਾ ਕੇਂਦਰ ਦਾ ਜਾਇਜ਼ਾ ਲੈਣ ਦੌਰਾਨ ਦਿੱਤੀ। ਡਾ. ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪਿੰਡ ਸ਼ੇਖੇ ਵਿਖੇ ਅਤਿ-ਆਧੁਨਿਕ ਮੁੜ ਵਸੇਬਾ ਕੇਂਦਰ ਤਿਆਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਅਤੇ ਸੰਨ ਫਾਉਂਡੇਸ਼ਨ ਦੇ ਸਹਿਯੋਗ ਨਾਲ ਇਥੇ ਜਿੰਮ ਅਤੇ ਲਾਇਬ੍ਰੇਰੀ ਦੀ ਸਹੂਲਤ ਤੋਂ ਇਲਾਵਾ ਕੁਕਿੰਗ ਕਲਾਸਾਂ, ਫੁੱਟਬਾਲ ਬਣਾਉਣ ਦੀ ਟ੍ਰੇਨਿੰਗ, ਕ੍ਰਿਕਟ ਬਾਲ ਬਣਾਉਣ ਦੀ ਟ੍ਰੇਨਿੰਗ, ਗਾਰਡਨਿੰਗ, ਮੋਬਾਈਲ ਰਿਪੇਅਰ ਅਤੇ ਇਲੈਕਟਰਿਕ ਰਿਪੇਅਰ ਦੇ ਕੋਰਸ ਵੀ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਹੋਵੇਗਾ।
ਡਾ. ਅਗਰਵਾਲ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਨ੍ਹਾਂ ਸਹੂਲਤਾਂ ਦਾ ਉਦੇਸ਼ ਨਸ਼ੇ ਦੇ ਆਦੀ ਵਿਅਕਤੀਆਂ ਦੀ ਮੁੜ ਵਸੇਬਾ ਪ੍ਰਕਿਰਿਆ ਮੁਕੰਮਲ ਕਰਨਾ, ਉਪਰੰਤ ਸਮਾਜ ਵਿੱਚ ਸਮਾਜਿਕ ਤੰਦਾਂ ਮਜ਼ਬੂਤ ਕਰਕੇ ਉਨ੍ਹਾਂ ਦੇ ਜੀਵਨ ਵਿੱਚ ਬਦਲਾਅ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਪ੍ਰਮੁੱਖ ਪਹਿਲਕਦਮੀ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਇੱਕ ਹੋਰ ਮਹੱਤਵਪੂਰਣ ਮੀਲ ਪੱਥਰ ਸਾਬਤ ਹੋਵੇਗਾ। ਡਿਪਟੀ ਕਮਿਸ਼ਨਰ ਨੇ ਜਲੰਧਰ ਪ੍ਰਸ਼ਾਸਨ ਦੀ ਸਮਾਜ ਵਿੱਚੋਂ ਨਸ਼ਿਆਂ ਨੂੰ ਪੂਰੀ ਤਰ੍ਹਾਂ ਖ਼ਤਮ ਅਤੇ ਨਸ਼ੇ ਦੇ ਜਾਲ ਵਿੱਚ ਫਸੇ ਲੋਕਾਂ ਦਾ ਸਹੀ ਇਲਾਜ ਅਤੇ ਮੁੜ ਵਸੇਬਾ ਯਕੀਨੀ ਬਣਾਉਣ ਦੀ ਵਚਨਬੱਧਤਾ ਦੁਹਰਾਈ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਕੇਂਦਰ ਨਸ਼ਿਆਂ ਦੀ ਦਲਦਲ ਵਿਚੋਂ ਨਿਕਲ ਰਹੇ ਵਿਅਕਤੀਆਂ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਏਗਾ ਅਤੇ ਇਹ ਯਕੀਨੀ ਬਣਾਏਗਾ ਕਿ ਉਹ ਸਮਾਜ ਵਿੱਚ ਸਨਮਾਨ ਨਾਲ ਜੁੜ ਸਕਣ।
---------------
ਹਿੰਦੂਸਥਾਨ ਸਮਾਚਾਰ / ਅਸ਼ਵਨੀ ਠਾਕੁਰ