ਬਲੌਂਗੀ, 27 ਸਤੰਬਰ (ਹਿੰ. ਸ.)। ਬਲੌਂਗੀ ਵਿੱਚ ਰਾਮਲੀਲਾ ਕਮੇਟੀ ਵੱਲੋਂ ਲਗਾਤਾਰ 26 ਸਾਲਾਂ ਤੋਂ ਧਾਰਮਿਕ ਤੇ ਸਾਂਸਕ੍ਰਿਤਿਕ ਜੋੜ ਬਣਾਉਣ ਲਈ ਕਰਵਾਇਆ ਜਾ ਰਿਹਾ ਰਾਮਲੀਲਾ ਸਮਾਰੋਹ ਇਸ ਵਾਰ ਵੀ ਧੂਮਧਾਮ ਨਾਲ ਸ਼ੁਰੂ ਹੋਇਆ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਸੰਗਤਾਂ ਦੇ ਦਰਸ਼ਨ ਕਰਦੇ ਹੋਏ ਧਾਰਮਿਕ ਸਮਾਗਮ ਵਿੱਚ ਹਿੱਸਾ ਪਾਇਆ। ਕੁਲਜੀਤ ਸਿੰਘ ਬੇਦੀ ਦੇ ਨਾਲ ਗੁਰਮੀਤ ਸਿੰਘ ਸਿਆਣ ਤੇ ਗੁਰਪ੍ਰੀਤ ਸਿੰਘ ਵੀ ਰਾਮਲੀਲਾ ਵਿਖੇ ਹਾਜ਼ਰ ਰਹੇ। ਇਸ ਸਮਾਰੋਹ ਦੌਰਾਨ ਰਾਮਲੀਲਾ ਕਮੇਟੀ ਨੇ ਉਹਨਾਂ ਦਾ ਗਰਮਜੋਸ਼ੀ ਨਾਲ ਸਨਮਾਨ ਕੀਤਾ ਅਤੇ ਆਉਣ ‘ਤੇ ਧੰਨਵਾਦ ਕੀਤਾ।ਇਸ ਮੌਕੇ ਆਪਣਾ ਸੰਦੇਸ਼ ਸਾਂਝਾ ਕਰਦੇ ਹੋਏ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਕਿਹਾ ਕਿ ਪ੍ਰਭੂ ਸ਼੍ਰੀ ਰਾਮ ਦਾ ਜੀਵਨ ਧਰਮ, ਸੱਚਾਈ ਅਤੇ ਆਦਰਸ਼ਾਂ ਨਾਲ ਭਰਪੂਰ ਸੀ। ਉਹਨਾਂ ਨੇ ਕਿਹਾ ਕਿ “ਅੱਜ ਦੀ ਨਵੀਂ ਪੀੜ੍ਹੀ ਲਈ ਜ਼ਰੂਰੀ ਹੈ ਕਿ ਉਹ ਸ਼੍ਰੀ ਰਾਮ ਦੇ ਉਪਦੇਸ਼ਾਂ ਅਤੇ ਜੀਵਨ ਮੁੱਲਾਂ ‘ਤੇ ਚੱਲ ਕੇ ਆਪਣੇ ਜੀਵਨ ਨੂੰ ਆਤਮਿਕਤਾ ਅਤੇ ਨੇਕ ਰਾਹ ਨਾਲ ਜੋੜੇ। ਜੇਕਰ ਨੌਜਵਾਨ ਸ਼੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣਗੇ, ਤਾਂ ਉਹ ਨਾ ਸਿਰਫ਼ ਚੰਗੇ ਇਨਸਾਨ ਬਣਣਗੇ, ਸਗੋਂ ਸਮਾਜ ਵਿੱਚ ਪਿਆਰ, ਇਮਾਨਦਾਰੀ ਤੇ ਸੱਚਾਈ ਦੀਆਂ ਕਦਰਾਂ ਨੂੰ ਵੀ ਮਜ਼ਬੂਤ ਕਰਨਗੇ।”ਉਹਨਾਂ ਨੇ ਹੋਰ ਕਿਹਾ ਕਿ ਰਾਮਲੀਲਾ ਵਰਗੇ ਪ੍ਰੋਗਰਾਮ ਸਿਰਫ਼ ਮਨੋਰੰਜਨ ਹੀ ਨਹੀਂ ਦਿੰਦੇ, ਸਗੋਂ ਲੋਕਾਂ ਨੂੰ ਆਪਣੀ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨਾਲ ਜੋੜਨ ਦਾ ਮਹੱਤਵਪੂਰਨ ਸਾਧਨ ਵੀ ਹਨ। ਬੇਦੀ ਨੇ ਕਮੇਟੀ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਇਹਨਾਂ ਦੇ ਯਤਨਾਂ ਕਰਕੇ ਪਿੰਡ ਦੀ ਨਵੀਂ ਪੀੜ੍ਹੀ ਨੂੰ ਧਾਰਮਿਕ ਤੌਰ ‘ਤੇ ਜੁੜਨ ਦਾ ਕੀਮਤੀ ਮੌਕਾ ਮਿਲਦਾ ਹੈ।ਰਾਮਲੀਲਾ ਕਮੇਟੀ ਬਲੌਂਗੀ ਦੇ ਪ੍ਰਧਾਨ ਜੈਦੀਪ ਸਿੰਘ ਬਿੰਨੀ, ਚੇਅਰਮੈਨ ਅਸ਼ਵਿਨੀ ਕੁਮਾਰ ਕਲਸੀ, ਮੀਤ ਪ੍ਰਧਾਨ ਦਿਨੇਸ਼ ਰਾਵਤ, ਜਨਰਲ ਸਕੱਤਰ ਹਰਦੀਪ ਸਿੰਘ ਲਾਲੀ, ਸਟੇਜ ਸਕੱਤਰ ਭੁਪਿੰਦਰ ਕੁਮਾਰ, ਐਡਵਾਈਜ਼ਰ ਕੰਚਨ ਕੁਮਾਰ ਗੁਪਤਾ ਅਤੇ ਡਾਇਰੈਕਟਰ ਮਹੇਸ਼ ਵਰਮਾ ਅਤੇ ਕੁਲਦੀਪ ਸਿੰਘ ਬਿੱਟੂ ਦੀ ਅਗਵਾਈ ਵਿੱਚ ਪਿਛਲੇ 26 ਸਾਲਾਂ ਤੋਂ ਲਗਾਤਾਰ ਇਹ ਧਾਰਮਿਕ ਸੇਵਾ ਕੀਤੀ ਜਾ ਰਹੀ ਹੈ। ਕਮੇਟੀ ਨੇ ਯਕੀਨ ਦਵਾਇਆ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਧਾਰਮਿਕ ਅਤੇ ਸਮਾਜਿਕ ਸਮਾਰੋਹ ਹੋਰ ਵੱਧ ਉਤਸ਼ਾਹ ਨਾਲ ਕਰਵਾਏ ਜਾਂਦੇ ਰਹਿਣਗੇ। ਉਹਨਾਂ ਦੱਸਿਆ ਕਿ ਰਾਮ ਲੀਲਾ ਦੁਸ਼ਹਿਰੇ ਤੱਕ ਚੱਲੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ