ਕੋਲਕਾਤਾ, 27 ਸਤੰਬਰ (ਹਿੰ.ਸ.)। ਪੱਛਮੀ ਬੰਗਾਲ ਸਪੈਸ਼ਲ ਟਾਸਕ ਫੋਰਸ (ਐਸਟੀਐਫ) ਦੀ ਸਿਲੀਗੁੜੀ ਯੂਨਿਟ ਨੇ ਗੁਪਤ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਸ਼ੁੱਕਰਵਾਰ ਨੂੰ ਫੁਲਬਾੜੀ ਨੇੜੇ ਇੱਕ ਵਾਹਨ ਨੂੰ ਰੋਕਿਆ ਅਤੇ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਨਸ਼ੀਲਾ ਪਦਾਰਥ ਜ਼ਬਤ ਕੀਤਾ। ਐਸਟੀਐਫ ਨੇ ਟਾਟਾ ਟਿਆਗੋ ਕਾਰ ਵਿੱਚੋਂ 257 ਕਿਲੋਗ੍ਰਾਮ ਗਾਂਜਾ ਬਰਾਮਦ ਕੀਤੀ, ਜਿਸਦੀ ਕੀਮਤ 50 ਲੱਖ ਰੁਪਏ ਤੋਂ ਵੱਧ ਦੱਸੀ ਜਾ ਰਹੀ ਹੈ। ਐਸਟੀਐਫ ਦੇ ਪੁਲਿਸ ਸੁਪਰਡੈਂਟ (ਐਸਪੀ) ਇੰਦਰਜੀਤ ਬਾਸੂ ਨੇ ਸ਼ਨੀਵਾਰ ਸਵੇਰੇ ਇਸ ਬਾਰੇ ਜਾਣਕਾਰੀ ਦਿੱਤੀ।
ਉਨ੍ਹਾਂ ਦੱਸਿਆ ਕਿ ਕਾਰਵਾਈ ਦੌਰਾਨ, ਐਸਟੀਐਫ ਨੇ ਦੋ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਇਰਸ਼ਾਦ ਅਲੀ (22 ਸਾਲ) ਅਤੇ ਜਾਵੇਦ ਅਲੀ ਸ਼ੇਖ ਵਜੋਂ ਹੋਈ ਹੈ, ਜੋ ਕਿ ਸਾਹਿਬਗੰਜ (ਕੂਚ ਬਿਹਾਰ) ਦੇ ਰਹਿਣ ਵਾਲੇ ਹਨ। ਉਨ੍ਹਾਂ ਦੀ ਪੁੱਛਗਿੱਛ ਦੇ ਆਧਾਰ 'ਤੇ, ਐਸਟੀਐਫ ਨੇ ਕੂਚ ਬਿਹਾਰ ਜ਼ਿਲ੍ਹੇ ਦੇ ਕੋਤਵਾਲੀ ਥਾਣਾ ਖੇਤਰ ਵਿੱਚ ਸਥਿਤ ਮਘਪਾਲਾ ਪਿੰਡ ਵਿੱਚ ਸਪਲਾਇਰ ਗੋਬਿੰਦੋ ਸਰਕਾਰ ਦੇ ਘਰ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਥੋੜ੍ਹੀ ਮਾਤਰਾ ਵਿੱਚ ਗਾਂਜਾ ਬਰਾਮਦ ਹੋਇਆ, ਹਾਲਾਂਕਿ ਗੋਬਿੰਦੋ ਸਰਕਾਰ ਮੌਕੇ ਤੋਂ ਫਰਾਰ ਹੋ ਗਿਆ।
ਮਾਮਲੇ ’ਚ ਐਨਡੀਪੀਐਸ ਐਕਟ, 1985 ਦੇ ਤਹਿਤ ਸਿਲੀਗੁੜੀ ਐਸਟੀਐਫ ਯੂਨਿਟ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਾਮਲੇ ’ਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਗਾਂਜਾ ਕਿੱਥੋਂ ਲਿਆਂਦਾ ਜਾ ਰਿਹਾ ਸੀ ਅਤੇ ਕਿੱਥੇ-ਕਿੱਥੇ ਤਸਕਰੀ ਕੀਤੀ ਜਾਣੀ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ