ਫਾਜ਼ਿਲਕਾ 29 ਸਤੰਬਰ (ਹਿੰ. ਸ.)। ਪੰਜਾਬ ਸਰਕਾਰ ਦੇ ਹੁਕਮਾਂ ਡਾਕਟਰ ਰੋਹਿਤ ਗੋਇਲ ਸਿਵਲ ਸਰਜਨ ਦੀ ਪ੍ਰਧਾਨਗੀ ਅਤੇ ਡਾਕਟਰ ਐਰਿਕ ਦੀ ਦੇਖਰੇਖ ਵਿੱਚ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਵਿਸ਼ਵ ਦਿਲ ਦਿਵਸ ਦੇ ਸਬੰਧ ਵਿੱਚ ਇੱਕ ਵੀ ਧੜਕਣ ਨੂੰ ਮਿਸ ਨਾ ਕਰੋ ਜਾਗਰੂਕਤਾ ਸਮਾਗਮ ਕੀਤਾ ਗਿਆ। ਇਸ ਸਮੇਂ ਅਰਪਿਤ ਗੁਪਤਾ, ਡਾਕਟਰ ਨਿਸ਼ਾਂਤ ਸੇਤੀਆ, ਡਾਕਟਰ ਨੀਲੂ ਚੁੱਘ, ਡਾਕਟਰ ਅਭਿਨਵ ਸਚਦੇਵਾ ਐਮ ਡੀ ਮੈਡੀਸਨ, ਵਿਨੋਦ ਖੁਰਾਣਾ ਜਿਲ੍ਹਾ ਮਾਸ ਮੀਡੀਆ ਅਫ਼ਸਰ, ਮਨਬੀਰ ਸਿੰਘ ਡਿਪਟੀ ਮਾਸ ਮੀਡੀਆ ਅਫ਼ਸਰ, ਦਿਵੇਸ਼ ਕੁਮਾਰ ਬਲਾਕ ਐਕਸਟੈਂਸ਼ਨ ਐਜੂਕੇਟਰ, ਸੁਖਦੇਵ ਸਿੰਘ ਜਿਲ੍ਹਾ ਬੀਸੀਸੀ, ਮੈਡਮ ਮੈਰੀ ਨਰਸਿੰਗ ਸਿਸਟਰ ਅਤੇ ਗੁਰਪ੍ਰੀਤ ਕੌਰ ਫੈਸਲਿਟੀ ਮੈਨੇਜਰ ਨੇ ਸਮੂਲੀਅਤ ਕੀਤੀ। ਇਸ ਸਮੇਂ ਡਾਕਟਰ ਰੋਹਿਤ ਗੋਇਲ ਨੇ ਦਿਲ ਦਿਵਸ ਦੇ ਸਬੰਧ ਵਿੱਚ ਜਾਗਰੂਕਤਾ ਪ੍ਰਿੰਟਿੰਗ ਮੈਟੀਰੀਅਲ ਰਲੀਜ਼ ਕੀਤਾ।
ਜਾਣਕਾਰੀ ਦਿੰਦਿਆਂ ਡਾ. ਰੋਹਿਤ ਗੋਇਲ ਨੇ ਦੱਸਿਆ ਕਿ ਹਰੇਕ ਸਾਲ 29 ਸਤੰਬਰ ਨੂੰ ਵਿਸ਼ਵ ਦਿਲ ਦਿਵਸ ਮਨਾਉਣ ਦਾ ਮਹੱਤਵ ਸਿਹਤ ਸਟਾਫ਼ ਵੱਲੋਂ ਲੋਕਾਂ ਨੂੰ ਦਿਲ ਦੀ ਬਿਮਾਰੀਆਂ ਬਾਰੇ ਅਤੇ ਇਨ੍ਹਾਂ ਤੋਂ ਕਿਵੇ ਬਚਿਆ ਜਾ ਸਕਦਾ ਹੈ, ਸਬੰਧੀ ਜਾਗਰੂਕ ਕਰਨਾ ਹੈ। ਉਹਨਾਂ ਕਿਹਾ ਕਿ ਦਿਲ ਸਾਡੇ ਸਰੀਰ ਦਾ ਅਹਿਮ ਅੰਗ ਹੈ, ਇਸ ਲਈ ਇਸ ਨੂੰ ਸਿਹਤਮੰਦ ਰੱਖਣਾ ਜਰੂਰੀ ਹੈ। ਉਨ੍ਹਾਂ ਕਿਹਾ ਕਿ ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਹਰ ਰੋਜ਼ ਸੈਰ ਕਰਨ ਦੇ ਨਾਲ ਨਾਲ ਵਿਗੜ ਰਹੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਵੀ ਬਦਲਣਾ ਹੋਵੇਗਾ।
ਡਾਕਟਰ ਅਭਿਨਵ ਸਚਦੇਵਾ ਨੇ ਦੱਸਿਆ ਕਿ ਵੱਧ ਚਿਕਨਾਈ ਵਾਲਾ ਭੋਜਨ ਖਾਣ ਨਾਲ, ਸਿਗਰਟਨੋਸ਼ੀ, ਹਾਈ ਬਲੱਡ ਪ੍ਰੈਸ਼ਰ, ਪ੍ਰਦੂਸ਼ਿਤ ਵਾਤਾਵਰਣ, ਖਾਣ ਪੀਣ ਦੀਆਂ ਗਲਤ ਆਦਤਾਂ, ਫਾਸਟ ਫੂਡ, ਦਿਮਾਗੀ ਪ੍ਰੇਸ਼ਾਨੀ ਅਤੇ ਮੋਟਾਪੇ ਕਾਰਨ ਦਿਲ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗ ਜਾਂਦੀਆਂ ਹਨ। ਇਸ ਲਈ ਸਾਨੂੰ ਇਨ੍ਹਾਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਛਾਤੀ ਵਿੱਚ ਦਰਦ, ਜਬਾੜਿਆਂ ਧੌਣ ਜਾਂ ਪਿੱਠ ਵਿੱਚ ਅਚਾਨਕ ਦਰਦ, ਬੇਚੈਨੀ ਨਾਲ ਠੰਡਾ ਪਸੀਨਾ ਆਉਣਾ ਜਾਂ ਅਚਾਨਕ ਸਾਹ ਲੈਣ ਵਿੱਚ ਤਕਲੀਫ ਹੋਣਾ, ਇਹ ਲੱਛਣ ਹੋਣ ਤੇ ਤੁਰੰਤ ਬਿਨ੍ਹਾਂ ਕਿਸੇ ਦੇਰੀ ਮਾਹਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਹਾਰਟ ਅਟੈਕ ਲੱਛਣਾਂ ਤੇ ਮਾਹਿਰ ਡਾਕਟਰ ਦੀ ਸਲਾਹ ਲੈਣ ਵਿੱਚ ਦੇਰੀ ਕਰਨਾ ਜਾਨਲੇਵਾ ਸਾਬਿਤ ਹੋ ਸਕਦਾ ਹੈ।
ਉਹਨਾਂ ਦੱਸਿਆ ਕਿ ਸਾਨੂੰ 30 ਸਾਲ ਦੀ ਉਮਰ ਤੋਂ ਬਾਅਦ ਰੂਟੀਨ ਵਿੱਚ ਬਲੱਡ ਪ੍ਰੈਸ਼ਰ ਚੈੱਕ ਕਰਵਾਉਂਦੇ ਰਹਿਣਾ ਚਾਹੀਦਾ ਹੈ ਅਤੇ ਸਾਲ ਵਿੱਚ ਘੱਟੋ ਘੱਟ ਇੱਕ ਵਾਰ ਸ਼ੂਗਰ ਅਤੇ ਦਿਲ ਸਬੰਧੀ ਹੋਰ ਟੈਸਟ ਕਰਵਾਉਦੇ ਰਹਿਣਾ ਚਾਹੀਦਾ ਹੈ। ਜੇਕਰ ਸ਼ੂਗਰ, ਬਲੱਡ ਪ੍ਰੈਸ਼ਰ ਜਾਂ ਦਿਲ ਦੀ ਕੋਈ ਹੋਰ ਬਿਮਾਰੀ ਹੋ ਜਾਵੇ ਤਾਂ ਮਾਹਿਰ ਡਾਕਟਰ ਦੀ ਸਲਾਹ ਅਨੁਸਾਰ ਦਵਾਈਆਂ ਨਾਲ ਕੰਟਰੋਲ ਕਰਨਾ ਚਾਹੀਦਾ ਹੈ।
ਡਾਕਟਰ ਨੀਲੂ ਚੁੱਘ ਨੇ ਕਿਹਾ ਕਿ ਦਿਲ ਨੂੰ ਤੰਦਰੁਸਤ ਰੱਖਣ ਲਈ ਖਾਣ ਪੀਣ ਦੀਆਂ ਗਲਤ ਆਦਤਾਂ ਤਿਆਗ ਕੇ ਸੰਤੁਲਿਤ ਭੋਜਨ ਖਾਣਾ, ਹਰ ਰੋਜ ਅੱਧਾ ਘੰਟਾ ਸੈਰ ਕਰਨੀ, ਭਾਰ ਨੂੰ ਕੰਟਰੋਲ ਵਿੱਚ ਰੱਖਣਾ, ਤੰਬਾਕੂਨੋਸ਼ੀ ਅਤੇ ਸ਼ਰਾਬ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਹਰ ਰੋਜ਼ ਮੈਡੀਟੇਸ਼ਨ ਅਤੇ ਯੋਗਾ ਕਰੋ, ਲਿਫ਼ਟ ਦੀ ਵਰਤੋਂ ਦੀ ਬਜਾਏ ਪੌੜੀਆਂ ਦੀ ਵਰਤੋਂ ਕਰੋ, ਰੋਜਾਨਾ ਦੇ ਕੰਮ ਕਾਰ ਤੋਂ ਬਾਅਦ ਬੱਚਿਆਂ ਨਾਲ ਖੇਡੋ, ਆਪਣੀ ਗੱਡੀ ਪਾਰਕਿੰਗ ਵਿੱਚ ਲਗਾ ਕੇ ਪੈਦਲ ਬਜ਼ਾਰ ਵਿੱਚ ਜਾਓ, ਰੋਜਾਨਾ ਕਸਰਤ ਕਰੋ, ਚਾਹ ਅਤੇ ਕੌਫੀ ਦੀ ਵਰਤੋਂ ਘੱਟ ਕਰੋ, ਸਰਾਬ ਨਾ ਪੀਓ ਅਤੇ ਤੰਬਾਕੂ ਦੀ ਵਰਤੋਂ ਬਿਲਕੁਲ ਨਹੀ ਕਰਨੀ ਚਾਹੀਦੀ। ਦਿਲ ਦੀਆਂ ਬਿਮਾਰੀਆਂ ਤੋਂ ਬਚਣ ਲਈ ਸਾਨੂੰ ਆਮ ਜਿੰਦਗੀ ਵਿੱਚ ਦਿਮਾਗੀ ਪ੍ਰੇਸ਼ਾਨੀਆਂ ਤੋਂ ਵੀ ਬਚਣਾ ਚਾਹੀਦਾ ਹੈ। ਮਾਸ ਮੀਡੀਆ ਵਿੰਗ ਨੇ ਅਪੀਲ ਕੀਤੀ ਕਿ ਇਹ ਸੰਦੇਸ਼ਾ ਆਪਣੇ ਪਰਿਵਾਰ, ਮੁਹੱਲੇ ਅਤੇ ਪਿੰਡਾ ਸ਼ਹਿਰਾਂ ਵਿੱਚ ਪਹੁੰਚਾਇਆ ਜਾਵੇ, ਤਾਂ ਜੋ ਵੱਧ ਤੋਂ ਵੱਧ ਲੋਕ ਦਿਲ ਦੀਆਂ ਬਿਮਾਰੀਆਂ ਪ੍ਰਤੀ ਸੁਚੇਤ ਹੋ ਸਕਣ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ