ਅਬੋਹਰ 29 ਸਤੰਬਰ (ਹਿੰ. ਸ.)। ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਦੇ ਦਿਸ਼ਾ-ਨਿਰਦੇਸ਼ਾ ਹੇਠ ਐਸ ਡੀ ਐਮ ਅਬੋਹਰ ਕ੍ਰਿਸ਼ਨਪਾਲ ਰਾਜਪੂਤ ਨੇ ਅਬੋਹਰ ਅਤੇ ਖੂਈਆਂ ਸਰਵਰ ਬਲਾਕ ਦੇ ਪਿੰਡਾਂ ਵਿੱਚ ਪਰਾਲੀ ਨੂੰ ਅੱਗ ਨਾ ਲਗਾਉਣ ਸੰਬਧੀ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਕਿਹਾ ਕਿ ਇਹ ਜਾਗਰੂਕਤਾ ਵੈਨ ਬਲਾਕ ਅਧੀਨ ਪਿੰਡ-ਪਿੰਡ ਜਾ ਕੇ ਕਿਸਾਨ ਭਰਾਵਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਸੰਦੇਸ਼ ਦੇਣਗੀਆਂ ਤੇ ਚੰਗੇ ਵਾਤਾਵਰਣ ਦੀ ਸਿਰਜਣਾ ਵਿਚ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਨਗੀਆਂ।
ਜਾਗਰੂਕਤਾ ਵੈਨ ਨੂੰ ਰਵਾਨਾਂ ਕਰਨ ਮੌਕੇ ਐਸ.ਡੀ.ਐਮ. ਨੇ ਕਿਹਾ ਕਿ ਇਸ ਦਾ ਮਕਸਦ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਅਤੇ ਵਾਤਾਵਰਣ ਨੂੰ ਸ਼ੁੱਧ ਰੱਖਿਆ ਜਾਵੇ। ਇਸ ਦੇ ਨਾਲ-ਨਾਲ ਵੈਨ ਰਾਹੀਂ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੂਕਸਾਨਾਂ ਬਾਰੇ ਵੀ ਨਾਗਰਿਕਾਂ ਨੂੰ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨ ਵੀਰਾਂ ਨੂੰ ਇਹ ਵੀ ਦੱਸਿਆ ਜਾਵੇਗਾ ਕਿ ਪਰਾਲੀ ਨੂੰ ਅਗ ਲਗਾਉਣ ਨਾਲ ਜਮੀਨ ਦੀ ਉਪਜਾਓ ਸ਼ਕਤੀ ਘੱਟਦੀ ਹੈ ਤੇ ਜਮੀਨੀ ਪੋਸ਼ਟਿਕ ਤੱਤ ਵੀ ਨਸ਼ਟ ਹੁੰਦੇ ਹਨ। ਉਨ੍ਹਾਂ ਕਿਹਾ ਕਿ ਪਰਾਲੀ ਦੇ ਸੁਯੋਗ ਵਰਤੋਂ ਲਈ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ *ਤੇ ਮਸ਼ੀਨਰੀ ਮੁਹੱਈਆ ਕਰਵਾਏ ਗਏ ਹਨ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ