ਬਟਾਲਾ, 29 ਸਤੰਬਰ (ਹਿੰ. ਸ.)। ਪੰਜਾਬ ਸਰਕਾਰ ਅਤੇ ਸ਼ੂਗਰਫੈਡ ਪੰਜਾਬ ਦੀ ਯੋਗ ਰਹਿਨੁਮਾਈ ਬਟਾਲਾ ਸਹਿਕਾਰੀ ਖੰਡ ਮਿਲਜ਼ ਲਿਮਿ: ਬਟਾਲਾ ਦੇ ਹਿੱਸੇਦਾਰਾਂ ਦਾ ਦਸਵਾਂ ਸਲਾਨਾ ਆਮ ਇਜਲਾਸ ਮਿੱਲ ਕੈਂਪਸ ਵਿੱਚ ਹੋਇਆ। ਆਮ ਇਜਲਾਸ ਦੀ ਪ੍ਰਧਾਨਗੀ ਸਹਿਕਾਰੀ ਖੰਡ ਮਿੱਲ ਬਟਾਲਾ ਦੀ ਸੁਪਰਵਾਈਜਰੀ ਕਮੇਟੀ ਦੇ ਚੇਅਰਮੈਨ ਰੋਹਿਤ ਗਿੱਲ, ਉੱਪ ਰਜਿਸਟਰਾਰ, ਸਹਿਕਾਰੀ ਸਭਾਵਾਂ, ਗੁਰਦਾਸਪੁਰ ਵੱਲੋ ਕੀਤੀ ਗਈ।
ਮੀਟਿੰਗ ਦੌਰਾਨ ਸਹਿਕਾਰੀ ਖੰਡ ਮਿੱਲ ਬਟਾਲਾ ਦੇ ਜਨਰਲ ਮੈਨੇਜਰ ਕਿਰਨਦੀਪ ਕੌਰ ਬੋਪਾਰਾਏ ਵੱਲੋ ਮਿੱਲ ਦੇ ਵਿੱਤੀ ਹਾਲਾਤਾਂ ਬਾਰੇ ਦਿੱਤੀ ਗਈ ਅਤੇ ਉਨਾਂ ਦੱਸਿਆ ਕਿ ਮਿੱਲ ਵੱਲੋਂ ਪਿੜਾਈ ਸੀਜ਼ਨ 2024-25 ਦੀ ਗੰਨੇ ਦੀ ਕੀਮਤ ਦੀ ਬਣਦੀ ਕੁੱਲ ਅਦਾਇਗੀ 8208.50 ਲੱਖ ਰੁਪਏ ਵਿੱਚੋ 3761.33 ਲੱਖ ਰੁਪਏ ਦੀ ਅਦਾਇਗੀ ਮਿੱਲ ਵੱਲੋ ਆਪਣੇ ਸਾਧਨਾਂ ਤੋਂ ਅਤੇ 1255.34 ਲੱਖ ਰੁਪਏ ਰਾਜ ਸਰਕਾਰ ਤੋਂ ਪ੍ਰਾਪਤ ਹੋਈ ਵਿੱਤੀ ਸਹਾਇਤਾ ਦੁਆਰਾ ਕੀਤੀ ਗਈ ਹੈ। ਬਾਕੀ ਰਹਿੰਦੀ ਅਦਾਇਗੀ ਵੀ ਰਾਜ ਸਰਕਾਰ ਵੱਲੋ ਜਲਦ ਕੀਤੀ ਜਾਵੇਗੀ।
ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਕਿ ਗੰਨੇ ਦੀਆਂ ਵੱਧ ਝਾੜ ਅਤੇ ਵੱਧ ਰਿਕਵਰੀ ਦੇਣ ਵਾਲੀਆਂ ਅਗੇਤੀਆਂ/ ਦਰਮਿਆਨੀਆਂ ਕਿਸਮਾਂ ਦੀ ਬਿਜਾਈ ਲਈ ਮਿੱਲ ਦੇ ਗੰਨਾ ਫੀਲਡ ਸਟਾਫ ਨਾਲ ਸਲਾਹ ਮਸ਼ਵਰਾ ਕਰਕੇ ਕਰਨ ਤਾਂ ਜੋ ਇਨ੍ਹਾਂ ਕਿਸਮਾਂ ਦੀ ਬਿਜਾਈ ਕਰਕੇ ਜਿੰਮੀਦਾਰ ਗੰਨੇ ਦੀ ਫਸਲ ਤੋਂ ਵੱਧ ਝਾੜ ਹਾਸਲ ਕਰ ਸਕਣ ਅਤੇ ਮਿੱਲ ਨੂੰ ਖੰਡ ਦੀ ਵੱਧ ਰਿਕਵਰੀ ਹਾਸਲ ਹੋ ਸਕੇ।
ਜਨਰਲ ਮੈਨੇਜਰ ਨੇ ਕਿ ਪੰਜਾਬ ਸਰਕਾਰ ਦੇ ਸੁਹਿਰਦ ਯਤਨਾਂ ਸਦਕਾ ਬਟਾਲਾ ਸਹਿਕਾਰੀ ਖੰਡ ਮਿੱਲ ਵਿਖੇ 3500 ਟੀ.ਸੀ.ਡੀ. ਦਾ 5000 ਟੀ.ਸੀ.ਡੀ. ਤੱਕ ਵਧਣਯੋਗ ਨਵਾਂ ਸ਼ੂਗਰ ਰੀਫਾਈਨਰੀ ਪਲਾਂਟ ਸਮੇਤ 14 ਮੈਗਾਵਾਟ ਕੋ-ਜਨਰੇਸ਼ਨ ਪਲਾਂਟ ਲਗਾਇਆ ਗਿਆ । ਪਿੜਾਈ ਸੀਜਨ 2024-25 ਦੌਰਾਨ ਨਵੇਂ ਸ਼ੂਗਰ ਪਲਾਂਟ ਦਾ ਟਰਾਇਲ ਕਰ ਲਿਆ ਗਿਆ ਹੈ। ਇਸ ਪਲਾਂਟ ਵਿੱਚ ਤਿਆਰ ਹੋਣ ਵਾਲੀ ਫਾਰਮਾ ਗਰੇਡ ਅਤੇ ਰੀਫਾਇੰਡ ਸ਼ੂਗਰ ਮਾਰਕੀਟ ਵਿੱਚ ਵੱਧ ਕੀਮਤ ਤੇ ਵੇਚੀ ਜਾ ਸਕੇਗੀ ਅਤੇ ਨਾਲ ਹੀ 14 ਮੈਗਾਵਾਟ ਕੋ-ਜਨਰੇਸ਼ਨ ਪਲਾਂਟ ਦੁਆਰਾ ਮਿਲ ਦੀ ਲੋੜ ਤੋਂ ਵਾਧੂ ਤਿਆਰ ਕੀਤੀ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੂੰ ਵੇਚੀ ਜਾਵੇਗੀ, ਜਿਸ ਨਾਲ ਮਿੱਲ ਨੂੰ ਵਿੱਤੀ ਲਾਭ ਪ੍ਰਾਪਤ ਹੋਣ ਕਰਕੇ ਕਿਸਾਨਾਂ ਦੇ ਗੰਨੇ ਦੀ ਅਦਾਇਗੀ ਆਸਾਨੀ ਨਾਲ ਹੋ ਸਕੇਗੀ। ਨਵਾਂ ਪਲਾਂਟ ਲੱਗਣ ਨਾਲ ਮਿੱਲ ਏਰੀਏ ਵਿੱਚ ਉਪਲੱਭਧ ਵਾਧੂ ਗੰਨੇ ਦੀ ਪੈਦਾਵਾਰ ਨੂੰ ਬਟਾਲਾ ਸਹਿਕਾਰੀ ਖੰਡ ਮਿੱਲ ਆਪਣੇ ਤੌਰ ਤੇ ਪੀੜਨ ਵਿੱਚ ਸਮਰੱਥ ਹੋਵੇਗੀ ਜਿਹੜਾ ਕਿ ਮਿੱਲ ਏਰੀਏ ਦੇ ਕਿਸਾਨ ਭਰਾਵਾਂ ਦੀ ਆਰਥਿਕ ਸਥਿਤੀ ਨੂੰ ਸੁਧਾਰਨ ਵਿੱਚ ਸਹਾਇਕ ਹੋਵੇਗਾ।
ਉਨ੍ਹਾਂ ਕਿਸਾਨ ਭਰਾਵਾਂ ਨੂੰ ਅਪੀਲ ਕੀਤੀ ਗਈ ਕਿ ਨਵੇਂ ਪਲਾਂਟ ਦੀ ਕਪੈਸਟੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਗੰਨੇ ਦੀ ਫਸਲ ਹੇਠ ਵੱਧ ਤੋਂ ਵੱਧ ਰਕਬਾ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਮਿੱਲ ਦੇ ਬਹਾਦਰਪੁਰ ਫਾਰਮ ਤੇ ਬਾਇਓ ਸੀ.ਐਨ.ਜੀ. ਪਲਾਂਟ ਲਗਾਉਣ ਦਾ ਕੰਮ ਮੰਸ: ਅੰਮ.ਈ.ਪੀ.ਐਲ. ਮੇਰਠ ਵੱਲੋ ਮੁਕੰਮਲ ਕਰ ਲਿਆ ਗਿਆ ਅਤੇ ਪਲਾਂਟ ਵੱਲੋ ਗੈਸ ਉਤਪਾਦਨ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ।
ਮਿੱਲ ਦੀ ਸੁਪਰਵਾਈਜਰੀ ਕਮੇਟੀ ਦੇ ਚੇਅਰਮੈਨ ਰੋਹਿਤ ਗਿੱਲ ਨੇ ਕਿਹਾ ਕਿ ਮਿੱਲ ਵੱਲੋ ਪਿੜਾਈ ਸੀਜਨ 2025-26 ਲਈ 35.00 ਲੱਖ ਕੁਵਿੰਟਲ ਗੰਨਾ ਪੀੜਨ, 9.73 ਪ੍ਰਤੀਸ਼ਤ ਖੰਡ ਦੀ ਰਿਕਵਰੀ ਹਾਸਲ ਕਰਨ ਅਤੇ 3.40 ਲੱਖ ਕੁਵਿੰਟਲ ਖੰਡ ਉਤਪਾਦਨ ਦਾ ਟੀਚਾ ਮਿੱਥਿਆ ਗਿਆ ਹੈ।
ਇਸ ਮੌਕੇ ਗੁਰਵਿੰਦਰਪਾਲ ਸਿੰਘ ਕਾਹਲੋਂ ਡਾਇਰੈਕਟਰ ਸ਼ੂਗਰਫੈਡ ਪੰਜਾਬ ਅਤੇ ਸੁਖਵਿੰਦਰ ਸਿੰਘ ਕਾਹਲੋਂ ਸਾਬਕਾ ਚੇਅਰਮੈਨ ਵੱਲੋਂ ਕਿਸਾਨਾਂ ਦੀਆਂ ਗੰਨੇ ਦੀ ਖੇਤੀ ਨਾਲ ਸਬੰਧਤ ਸਮੱਸਿਆਵਾਂ ਦਾ ਜਿਕਰ ਕੀਤਾ ਗਿਆ।
ਕਰਨੈਲ ਸਿੰਘ ਸ਼ੇਰਪੁਰ ਪ੍ਰਧਾਨ ਬੀ.ਕੇ.ਯੂ (ਕਾਦੀਆਂ) ਅਤੇ ਹਰਦੇਵ ਸਿੰਘ ਚਿੱਟੀ ਪ੍ਰਧਾਨ ਕਿਸਾਨ ਭਲਾਈ ਯੂਨੀਅਨ ਗੁਰਦਾਸਪੁਰ, ਸੰਦੀਪ ਸਿੰਘ ਰੰਧਾਵਾ, ਪਰਮਜੀਤ ਸਿੰਘ ਬਾਜਵਾ, ਹੁਕਮ ਸਿੰਘ ਮਸਾਣੀਆਂ ਵੱਲੋਂ ਵੀ ਸਮਾਗਮ ਦੌਰਾਨ ਕਿਸਾਨਾਂ ਦੀਆਂ ਮੁਸ਼ਕਲਾਂ ਬਾਰੇ ਚਾਨਣਾ ਪਾਇਆ ਗਿਆ।
ਡਾ: ਗੁਰਇਕਬਾਲ ਸਿੰਘ ਕਾਹਲੋਂ ਸਾਬਕਾ ਗੰਨਾ ਸਲਾਹਕਾਰ ਨੇ ਗੰਨੇ ਦੀ ਖੇਤੀ ਦੇ ਅਧੁਨਿਕੀ-ਕਰਨ, ਗੰਨੇ ਦੀ ਫਸਲ ਤੋਂ ਵੱਧ ਝਾੜ ਲੈਣ ਲਈ ਗੰਨੇ ਬਿਜਾਈ ਦੀਆਂ ਤਕਨੀਕਾਂ ਅਤੇ ਖੇਤੀ ਸੰਦਾਂ ਪ੍ਰਤੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਗੁਰਦਾਸਪੁਰ ਤੋਂ ਅਮਰੀਕ ਸਿੰਘ ਰੰਧਾਵਾ, ਡਾ: ਨਵਦੀਪ ਬਰੀਡਰ, ਡਾ: ਯੁਵਰਾਜ ਸਿੰਘ ਪਾਂਧਾ, ਕੀਟ ਵਿਗਿਆਨੀ ਨੇ ਕਿਸਾਨ ਭਰਾਵਾਂ ਨੂੰ ਗੰਨੇ ਦੀ ਫਸਲ ਦੀ ਬਿਜਾਈ ਦੀ ਕਾਸ਼ਤ ਦੇ ਢੰਗ ਤਰੀਕਿਆਂ ਅਤੇ ਗੰਨੇ ਦੇ ਬਰੀਡਰ ਸੀਡ ਨਾਲ ਸਬੰਧਤ ਵੱਖ ਵੱਖ ਪਹਿਲੂਆਂ, ਨਦੀਕ/ਕੀਟਨਾਸ਼ਕਾਂ ਦੀ ਵਰਤੋ ਬਾਰੇ ਜਾਣਕਾਰੀ ਦਿੱਤੀ ਗਈ।
ਇਸ ਤੋਂ ਉਪਰੰਤ ਜਨਰਲ ਮੈਨੇਜਰ ਵੱਲੋ ਆਮ ਇਜਲਾਸ ਵਿੱਚ ਵਿਚਾਰ ਕਰਨ ਲਈ ਅਜੰਡੇ ਰੱਖੇ ਗਏ ਜੋ ਕਿ ਸਰਬ ਸੰਮਤੀ ਨਾਲ ਪ੍ਰਵਾਨ ਕੀਤੇ ਗਏ ਅਤੇ ਮਿੱਲ ਦੇ ਹਿੱਸੇਦਾਰਾਂ ਵੱਲੋਂ ਮਿੱਲ ਦੇ ਕਾਰੋਬਾਰ 'ਤੇ ਵੀ ਤਸੱਲੀ ਪ੍ਰਗਟ ਕੀਤੀ ਗਈ।
ਇਸ ਮੌਕੇ ਮਿੱਲ ਵੱਲੋ ਗੰਨੇ ਦੀਆਂ ਵੱਖ ਵੱਖ ਕਿਸਮਾਂ ਅਤੇ ਮਿੱਲ ਵੱਲੋਂ ਤਿਆਰ ਕੀਤੀ ਫਤਹਿ ਸੂਗਰ ਬਰਾਂਡ ਦੀ ਪ੍ਰਦਰਸ਼ਨੀ ਤੋਂ ਇਲਾਵਾ ਮਿਲਕਫੈਡ ਵੇਰਕਾ, ਮਾਰਕਫੈਡ, ਐਫ.ਐਮ.ਸੀ., ਮਹਿੰਦਰਾ ਟਰੈਕਟਰ, ਐਮ.ਟੀ.ਐਸ.ਐਸ. (ਸਕਤੀਮਾਨ ਗਰੁੱਪ), ਮੈਸੀ ਫਰਗੂਸ਼ਸਨ 9500 ਸਮਾਰਟ ਅਤੇ ਨਿਊ ਹਾਲੈਂਡ ਕੰਪਨੀਆਂ ਵੱਲੋ ਆਪਣੇ ਸਟਾਲ ਲਗਾਏ ਗਏ, ਜਿਸ ਵਿੱਚ ਕਿਸਾਨਾਂ ਵੱਲੋਂ ਦਿਲਚਸਪੀ ਵਿਖਾਈ ਗਈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ