ਨਵਾਂਸ਼ਹਿਰ, 30 ਸਤੰਬਰ (ਹਿੰ. ਸ.)। ਦੀਵਾਲੀ ਦੇ ਮੱਦੇਨਜ਼ਰ ਪਟਾਕੇ ਵੇਚਣ ਲਈ ਆਰਜ਼ੀ ਲਾਇਸੰਸ ਲੈਣ ਦੇ ਚਾਹਵਾਨ 1 ਤੋਂ 6 ਅਕਤੂਬਰ ਸ਼ਾਮ 5 ਵਜੇ ਤੱਕ ਸਬ-ਡਵੀਜ਼ਨ ਵਾਈਜ਼ ਆਪਣੀਆਂ ਦਰਖ਼ਾਸਤਾਂ ਨੇੜੇ ਦੇ ਸੇਵਾ ਕੇਂਦਰ ਵਿਖੇ ਜਮਾਂ ਕਰਵਾ ਸਕਦੇ ਹਨ।
ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਅੰਕੁਰਜੀਤ ਸਿੰਘ ਨੇ ਦੱਸਿਆ ਕਿ ਨਿਸ਼ਚਿਤ ਕੀਤੇ ਗਏ ਸਮੇਂ ਦੌਰਾਨ ਪ੍ਰਾਪਤ ਹੋਈਆਂ ਦਰਖ਼ਾਸਤਾਂ ‘ਤੇ ਹੀ ਵਿਚਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ 13 ਅਕਤੂਬਰ 2025 ਨੂੰ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਲਾਟਰੀ ਸਿਸਟਮ ਰਾਹੀਂ ਪਟਾਕੇ ਵੇਚਣ ਸਬੰਧੀ ਆਰਜ਼ੀ ਲਾਇਸੰਸ ਜਾਰੀ ਕਰਨ ਲਈ ਡਰਾਅ ਕੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜਿਨ੍ਹਾਂ ਵਿਅਕਤੀਆਂ ਨੂੰ ਆਰਜ਼ੀ ਲਾਇਸੰਸ ਜਾਰੀ ਕੀਤਾ ਜਾਵੇਗਾ, ਸਿਰਫ ਉਹ ਵਿਅਕਤੀ ਹੀ ਪਟਾਕੇ ਵੇਚਣ ਲਈ ਅਧਿਕਾਰਤ ਹੋਣਗੇ। ਉਨ੍ਹਾਂ ਕਿਹਾ ਕਿ ਆਮ ਪਬਲਿਕ ਵੀ ਅਧਿਕਾਰਤ ਵਿਅਕਤੀਆਂ ਪਾਸੋਂ ਨਿਰਧਾਰਤ ਕੀਤੇ ਗਏ ਸਥਾਨਾਂ ‘ਤੇ ਹੀ ਪਟਾਕੇ ਖਰੀਦੇ ਅਤੇ ਅਣ-ਅਧਿਕਾਰਤ ਤੌਰ ‘ਤੇ ਪਟਾਕੇ ਵੇਚਣ ਵਾਲਿਆਂ ਖਿਲਾਫ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਕ ਵਿਅਕਤੀ ਇਕ ਦਰਖ਼ਾਸਤ ਪੇਸ਼ ਕਰ ਸਕਦਾ ਹੈ ਅਤੇ ਇਕ ਤੋਂ ਵੱਧ ਦਰਖ਼ਾਸਤ ਮੰਨਣਯੋਗ ਨਹੀਂ ਹੋਵੇਗੀ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ