ਡਿਪਟੀ ਕਮਿਸ਼ਨਰ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀ ਸਮਾਗਮ ਮਨਾਉਣ ਸਬੰਧੀ ਅਗੇਤੇ ਪ੍ਰਬੰਧਾਂ ਬਾਰੇ ਮੀਟਿੰਗ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਸਤੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ, ਹਿੰਦ ਦੀ ਚਾਦਰ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਉਲੀਕੇ ਸਮਾਗਮਾਂ ਦੀ ਲੜੀ ਵਿੱਚ ਐੱਸ.ਏ.ਐੱਸ ਨਗਰ ਵਿਖੇ ਹੋਣ ਵਾਲੇ ਸਮਾਗਮਾਂ ਸਬੰਧੀ ਅਗੇਤੇ ਪ੍ਰਬੰਧਾਂ ਬਾਰੇ, ਅੱਜ ਜ਼ਿਲ੍ਹਾ ਪ੍ਰਬੰਧਕ
.


ਸਾਹਿਬਜ਼ਾਦਾ ਅਜੀਤ ਸਿੰਘ ਨਗਰ, 30 ਸਤੰਬਰ (ਹਿੰ. ਸ.)। ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ, ਹਿੰਦ ਦੀ ਚਾਦਰ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਦੇ ਉਲੀਕੇ ਸਮਾਗਮਾਂ ਦੀ ਲੜੀ ਵਿੱਚ ਐੱਸ.ਏ.ਐੱਸ ਨਗਰ ਵਿਖੇ ਹੋਣ ਵਾਲੇ ਸਮਾਗਮਾਂ ਸਬੰਧੀ ਅਗੇਤੇ ਪ੍ਰਬੰਧਾਂ ਬਾਰੇ, ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ, ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੱਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹੀਦੀ ਦਿਹਾੜੇ ਦੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਲਈ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਸੰਗਤਾਂ ਦੇ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਵੱਲੋਂ ਇਸ ਦੇ ਲਈ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਸੌਂਪੀਆਂ ਗਈਆਂ ਜ਼ਿੰਮੇਵਾਰੀਆਂ ਬਾਰੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਸ਼ਹੀਦੀ ਸਮਾਗਮਾਂ ਲਈ ਚੱਲ ਰਹੀਆਂ ਤਿਆਰੀਆਂ ਸਬੰਧੀ ਸੌਪੀਆਂ ਗਈਆਂ ਡਿਊਟੀਆਂ ਪੂਰੀ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਨਿਭਾਉਣ ਲਈ ਕਿਹਾ, ਤਾਂ ਜੋ ਇੰਨ੍ਹਾਂ ਸਮਾਗਮਾਂ ਨੂੰ ਸੁਚੱਜੇ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਹੀਦੀ ਸਮਾਗਮਾਂ ਸਬੰਧੀ ਰਾਜ ਦੇ ਵੱਖ-ਵੱਖ ਹਿੱਸਿਆਂ ਤੋਂ 20.11.2025 ਤੋਂ 22.11.2025 ਤੱਕ ਚਾਰ ਯਾਤਰਾਵਾਂ, ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਪਤ ਹੋਣਗੀਆਂ, ਜਿਸ ਮੁਤਾਬਿਕ ਮਾਲਵਾ-2 ਰੂਟ ਤਹਿਤ ਇੱਕ ਯਾਤਰਾ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ, ਜ਼ਿਲ੍ਹਾ ਪਟਿਆਲਾ ਤੋਂ ਹੁੰਦੇ ਹੋਏ ਰਾਜਪੁਰਾ ਤੋਂ ਬਨੂੰੜ ਤੋਂ ਮੋਹਾਲੀ ਤੋਂ ਕੁਰਾਲੀ ਤੋਂ ਰੂਪਨਗਰ ਰਾਹੀਂ ਸ੍ਰੀ ਅਨੰਦਪੁਰ ਸਾਹਿਬ ਪੰਹੁਚੇਗੀ। ਇਸ ਯਾਤਰਾ ਦਾ ਮਿਤੀ 21-11-2025 ਨੂੰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਠਹਿਰਾਓ ਹੋਵੇਗਾ। ਇਹ ਯਾਤਰਾ 21 ਨਵੰਬਰ ਨੂੰ ਗੁਰਦੁਆਰਾ ਅਕਾਲ ਗੜ੍ਹ ਬਨੂੜ ਵਿਖੇ ਪੁੱਜੇਗੀ ਅਤੇ ਸ਼ਾਮ ਨੂੰ ਇਹ ਯਾਤਰਾ ਮੁਹਾਲੀ ਵਿਖੇ ਪੁੱਜੇਗੀ ਅਤੇ ਰਾਤ ਦਾ ਠਹਿਰਾਅ ਗੁਰਦੁਆਰਾ ਸੁਹਾਣਾ ਸਾਹਿਬ ਵਿਖੇ ਹੋਵੇਗਾ ਅਤੇ ਫਿਰ ਇਹ ਯਾਤਰਾ ਗੁਰਦੁਆਰਾ ਕਰਤਾਰਸਰ ਸਾਹਿਬ, ਪਡਿਆਲਾ, ਕੁਰਾਲੀ ਵਿਖੇ ਪਹੁੰਚੇਗੀ। ਉਨ੍ਹਾਂ ਦੱਸਿਆ ਕਿ ਚਰਨਛੋਹ ਸਥਾਨਾਂ ਤੇ ਪਾਰਕਿੰਗ, ਰੌਸ਼ਨੀ, ਸੁਰੱਖਿਆ ਅਤੇ ਮੀਡੀਆ ਪ੍ਰਬੰਧਾਂ ਦੇ ਨਾਲ ਕੀਰਤਨ ਸਮਾਗਮ/ਕਵੀ ਦਰਬਾਰਾਂ ਦਾ ਆਯੋਜਨ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਪਿੰਡ ਮੋਟੇਮਾਜਰਾ, ਡੇਰਾਬਸੀ ਅਤੇ ਘੜੂੰਆਂ ਵਿਖੇ ਕੀਰਤਨ ਦਰਬਾਰ ਹੋਣਗੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਸਿੱਖਿਆ ਅਫਸਰ ਵੱਲੋਂ ਯਾਦਗਾਰੀ ਥੀਮ ਅਨੁਸਾਰ ਸੱਭਿਆਚਾਰਕ ਅਤੇ ਵਿਰਾਸਤੀ ਗਤੀਵਿਧੀਆਂ, ਜਿਸ ਵਿੱਚ ਸਥਾਨਕ ਸਕੂਲ, ਕਾਲਜ ਅਤੇ ਸੱਭਿਆਚਾਰਕ ਸਮਾਜ ਸ਼ਾਮਲ ਹਨ, ਕਰਵਾਈਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਸਾਰੇ ਅਧਿਕਾਰੀ ਆਪਣੀ ਡਿਊਟੀ ਸੇਵਾ ਦੀ ਭਾਵਨਾ ਨਾਲ ਨਿਭਾਉਣ ਅਤੇ ਸੰਗਤਾਂ ਦੀ ਸਹੂਲਤ ਨੂੰ ਪ੍ਰਮੁੱਖਤਾਂ ਦਿੱਤੀ ਜਾਵੇ। ਉਨ੍ਹਾਂ ਨੇ ਸਮਾਰੋਹ ਦੌਰਾਨ ਯਾਤਰਾਵਾਂ ਦੇ ਰੁਕਣ ਵਾਲੀਆਂ ਥਾਵਾਂ ਤੇ ਭੀੜ ਕੰਟਰੋਲ ਕਰਨ, ਬੈਰੀਕੈਡਿੰਗ, ਸਾਈਨੇਜ ਅਤੇ ਵਲੰਟੀਅਰਾਂ ਦੀ ਤਾਇਨਾਤੀ, ਰੂਟ ਮੈਪ ਅਨੁਸਾਰ ਸੜਕਾਂ ਦੀ ਸਾਫ ਸਫਾਈ, ਤੁਰੰਤ ਮੁਰੰਮਤ ਅਤੇ ਰੱਖ ਰਖਾਅ, ਯਾਤਰਾ ਰੂਟਾਂ ਦਾ ਨਿਰੀਖਣ ਅਤੇ ਕਲੀਅਰੈਂਸ, ਨਿਸ਼ਾਨਦੇਹੀ, ਪਾਣੀ ਦਾ ਛਿੜਕਾਅ, ਸਟਰੀਟ ਲਾਇਟਾਂ, ਦਰੱਖਤਾਂ ਦੀ ਛੰਗਾਈ, ਸੰਗਤਾਂ ਲਈ ਲੰਗਰ ਦੇ ਪ੍ਰਬੰਧ, ਪੀਣ ਵਾਲੇ ਪਾਣੀ ਦੇ ਪ੍ਰਬੰਧ, ਵਾਸ਼ਰੂਮ ਦੀ ਸਹੂਲਤ, ਮੱਛਰਾਂ ਤੋਂ ਬਚਾਅ ਲਈ ਫੋਗਿੰਗ, ਸ਼ਰਧਾਲੂਆਂ ਦੇ ਠਹਿਰਨ ਲਈ ਉਚਿੱਤ ਪ੍ਰਬੰਧ ਕਰਨ, ਸੀਵਰੇਜ ਦੀ ਚੈਕਿੰਗ, ਸਿਵਲ ਤੇ ਪੁਲਿਸ ਕੰਟਰੋਲ ਰੂਮ ਸਥਾਪਿਤ ਕਰਨ, ਟ੍ਰੈਫ਼ਿਕ ਪ੍ਰਬੰਧ, ਪਾਰਕਿੰਗ ਦੀ ਸੁਵਿਧਾ, ਸਫਾਈ-ਸੈਨੀਟੇਸ਼ਨ, ਬਿਜਲੀ ਤੇ ਰੌਸ਼ਨੀ ਦੇ ਪੱਕੇ ਪ੍ਰਬੰਧ ਕਰਨ, ਐਂਬੂਲੈਂਸਾਂ ਦੀ ਤਾਇਨਾਤੀ, ਫੂਡ ਸੇਫਟੀ ਟੀਮ, ਫਸਟ-ਏਡਪੋਸਟਾਂ, ਫਾਇਰ ਬ੍ਰਿਗੇਡ, ਆਦਿ ਅਹਿਮ ਪ੍ਰਬੰਧ ਵੀ ਯਕੀਨੀ ਬਣਾਉਣ ਦੀ ਹਦਾਇਤ ਜਾਰੀ ਕੀਤੀ।

ਉਨ੍ਹਾਂ ਨੇ ਦੱਸਿਆ ਕਿ ਸਮਾਰੋਹਾਂ ਦੌਰਾਨ ਅਮਨ-ਕਾਨੂੰਨ ਬਹਾਲ ਰੱਖਣ ਲਈ ਪੁਲਿਸ ਫੋਰਸ, ਡਿਊਟੀ ਮੈਜਿਸਟਰੇਟ ਅਤੇ ਵੱਖ-ਵੱਖ ਸੈਕਟਰ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਸਮਾਰੋਹ ਸਿੱਖ ਇਤਿਹਾਸ ਅਤੇ ਰੂਹਾਨੀ ਪ੍ਰੰਪਰਾਵਾਂ ਨਾਲ ਜੁੜਿਆ ਮਹੱਤਵਪੂਰਨ ਮੌਕਾ ਹੈ, ਜਿਸ ਨੂੰ ਸੰਗਤਾਂ ਦੀ ਸਹੂਲਤ ਅਤੇ ਯਾਦਗਾਰੀ ਬਣਾਉਣ ਲਈ ਪ੍ਰਸ਼ਾਸਨ ਵੱਲੋਂ ਪੂਰੀ ਤਿਆਰੀ ਕੀਤੀ ਜਾ ਰਹੀ ਹੈ।

ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ


 rajesh pande